ਸੱਤ ਸਾਲ ਪੁਰਾਣੇ ਕੇਸ ’ਚ ਗਰਮ ਖਿਆਲੀ ਆਗੂ ਬਲਜੀਤ ਸਿੰਘ ਭਾਊ ਬਰੀ
ਇਥੋਂ ਦੀ ਇੱਕ ਅਦਾਲਤ ਨੇ ਪਿੰਡ ਕੁਰਲੀ ਜ਼ਿਲ੍ਹਾ ਮੁਹਾਲੀ ਨਿਵਾਸੀ ਬਲਜੀਤ ਸਿੰਘ ਉਰਫ਼ ਭਾਊ ਨੂੰ 7 ਸਾਲ ਪੁਰਾਣੇ ਕੇਸ ਵਿੱਚ ਬਰੀ ਕਰ ਦਿੱਤਾ ਹੈ।
ਇਸ ਸਬੰਧੀ ਮਾਮਲਾ ਐਫ.ਆਈ.ਆਰ ਨੰਬਰ 131, ਮਿਤੀ 17 ਅਪਰੈਲ 2018 ਥਾਣਾ ਅੰਬਾਲਾ ਸ਼ਹਿਰ ਵਿੱਚ ਦਰਜ ਹੋਇਆ ਸੀ। ਧਾਰਾ 279, 337, 338 ਅਧੀਨ ਦਰਜ ਇਸ ਕੇਸ ਵਿੱਚ ਇਕ ਸੜਕ ਹਾਦਸੇ ਦਾ ਜ਼ਿਕਰ ਸੀ। ਇਹ ਕੇਸ ਲਗਾਤਾਰ 7 ਸਾਲ ਤੱਕ ਚੱਲਦਾ ਰਿਹਾ। ਕਰੋਨਾ ਮਹਾਮਾਰੀ ਦੌਰਾਨ ਲਗਪਗ ਡੇਢ ਸਾਲ ਤੱਕ ਕੋਈ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਬਾਅਦ ਵੀ 6-6 ਮਹੀਨੇ ਦੀਆਂ ਤਰੀਕਾਂ ਪੈਂਦੀਆਂ ਰਹੀਆਂ। ਆਖ਼ਰਕਾਰ 19 ਸਤੰਬਰ 2025 ਨੂੰ ਸਾਰੇ ਗਵਾਹਾਂ ਦੇ ਬਿਆਨ ਦਰਜ ਹੋਣ ਮਗਰੋਂ ਫਾਈਲ ਬੰਦ ਹੋ ਗਈ। 26 ਸਤੰਬਰ 2025 ਨੂੰ ਸ਼ਾਮ 4:45 ਵਜੇ, ਸਰਕਾਰੀ ਵਕੀਲ ਅਤੇ ਬਲਜੀਤ ਸਿੰਘ ਦੇ ਵਕੀਲ ਐਡਵੋਕੇਟ ਰਜਿੰਦਰ ਸਿੰਘ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਭਾਊ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ।
ਬਲਜੀਤ ਸਿੰਘ ਭਾਊ ਇੱਕ ਗਰਮ ਖਿਆਲੀ ਆਗੂ ਹੈ , ਉਹ ਸਿੱਖ ਸੰਘਰਸ਼ ਦੌਰਾਨ ਲਗਪਗ 12-13 ਸਾਲ ਜੇਲ੍ਹਾਂ ਵਿੱਚ ਕੱਟ ਚੁੱਕਿਆ ਹੈ ਅਤੇ 2015 ਵਿੱਚ ਤਿਹਾੜ ਜੇਲ੍ਹ ਵਿੱਚੋਂ ਸਾਰੇ ਕੇਸਾਂ ’ਚੋਂ ਬਰੀ ਹੋ ਕੇ ਆਪਣੇ ਪਿੰਡ ਵਾਪਸ ਆ ਗਿਆ ਸੀ। ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਮਾਜ ਸੇਵਾ ਵਿੱਚ ਜੁਟ ਗਿਆ। ਕਿਸਾਨ ਅੰਦੋਲਨ ਦੌਰਾਨ ਭਾਊ ਨੇ ਕਿਸਾਨ ਯੂਨੀਅਨ ਲੱਖੋਵਾਲ ਨਾਲ ਮਿਲ ਕੇ ਲੰਬਾ ਸਮਾਂ ਸੇਵਾ ਨਿਭਾਈ। ਇਸ ਵੇਲੇ ਭਾਊ ਪਿਛਲੇ ਤਿੰਨ ਸਾਲ ਤੋਂ ਚੰਡੀਗੜ੍ਹ-ਮੁਹਾਲੀ ਬਾਰਡਰ ’ਤੇ ਕੌਮੀ ਇਨਸਾਫ ਮੋਰਚੇ ਵਿੱਚ ਲਗਾਤਾਰ ਸੇਵਾ ਨਿਭਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਲ੍ਹ ਦੀਆਂ ਸਜ਼ਾਵਾਂ ਕੱਟ ਚੁੱਕੇ ਸਾਥੀਆਂ ਨੂੰ ਇਨਸਾਫ ਦਿਵਾਉਣਾ ਉਨ੍ਹਾਂ ਦੀ ਮੁੱਖ ਮੁਹਿੰਮ ਹੈ।