ਸੈਲੂਨਾਂ ’ਤੇ ਆਬਕਾਰੀ ਤੇ ਜੀਐੱਸਟੀ ਟੀਮ ਵੱਲੋਂ ਛਾਪਾ
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਅਤੇ ਜੀਐੱਸਟੀ ਦੀ ਟੀਮ ਨੇ ਸਾਂਝੇ ਤੌਰ ’ਤੇ ਸ਼ਹਿਰ ਵਿੱਚ ਟੈਕਸ ਚੋਰੀ ਨੂੰ ਰੋਕਣ ਲਈ ਸ਼ਹਿਰ ਵਿਚਲੇ ਵੱਡੇ ਸੈਲੂਨਾਂ ਨੂੰ ਨਿਸ਼ਾਨੇ ’ਤੇ ਲਿਆ ਹੈ ਜਿਨ੍ਹਾਂ ਵੱਲੋਂ ਲੱਖਾਂ ਰੁਪਏ ਦੇ ਜੀਐੱਸਟੀ ਦੀ ਚੋਰੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਜ ਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਅਤੇ ਜੀਐੱਸਟੀ ਦੀ ਟੀਮ ਨੇ ਸ਼ਹਿਰ ਦੇ ਸੈਕਟਰ-8, 9, 26 ਤੇ 35 ਸਣੇ ਹੋਰਨਾਂ ਥਾਵਾਂ ’ਤੇ ਸਥਿਤ ਅੱਧਾ ਦਰਜਨ ਤੋਂ ਵੱਧ ਸੈਲੂਨਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦੋਵਾਂ ਟੀਮਾਂ ਨੇ ਉਕਤ ਸੈਲੂਨਾਂ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸਥਿਤ ਵੱਡੇ-ਵੱਡੇ ਸੈਲੂਨਾਂ ਵੱਲੋਂ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਦੇਣ ਦੇ ਬਦਲੇ ਮੋਟੀਆਂ ਰਕਮਾਂ ਦੀ ਵਸੂਲੀ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਉਕਤ ਸੈਲੂਨ ਮਾਲਕਾਂ ਵੱਲੋਂ ਗਾਹਕਾਂ ਨੂੰ ਕਥਿਤ ਤੌਰ ’ਤੇ ਬਿੱਲ ਨਹੀਂ ਦਿੱਤੇ ਜਾਂਦੇ ਹਨ ਅਤੇ ਨਾ ਹੀ ਸਰਕਾਰ ਨੂੰ ਕੋਈ ਟੈਕਸ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਸੈਲੂਨ ਮਾਲਕ ਪ੍ਰਸ਼ਾਸਨ ਤੇ ਗਾਹਕ ਦੋਵਾਂ ਨੂੰ ਚੂਨਾ ਲਗਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਅਤੇ ਜੀਐੱਸਟੀ ਦੀ ਟੀਮ ਵੱਲੋਂ ਉਕਤ ਸੈਲੂਨਾਂ ਦਾ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਨੂੰ ਖੰਘਾਲਿਆ ਜਾਵੇਗਾ। ਇਸ ਦੌਰਾਨ ਖਾਮੀਆਂ ਪਾਏ ਜਾਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀਐੱਸਟੀ ਵਿਭਾਗ ਨੇ ਖਦਸ਼ਾ ਜਤਾਇਆ ਕਿ ਇਸ ਛਾਪੇਮਾਰੀ ਦੌਰਾਨ ਉਕਤ ਸੈਲੂਨ ਮਾਲਕਾਂ ਵੱਲੋਂ ਸਰਕਾਰ ਨੂੰ ਲਗਾਏ ਜਾਣ ਵਾਲੇ ਵੱਡੇ ਚੂਨੇ ਦਾ ਪਰਦਾਫਾਸ਼ ਕੀਤਾ ਜਾਵੇਗਾ।
ਆਬਕਾਰੀ ਤੇ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਲੂਨ ਸਣੇ ਸ਼ਹਿਰ ਵਿੱਚ ਕਿਸੇ ਵੀ ਦੁਕਾਨ ਤੋਂ ਕੁਝ ਲੈਂਦੇ ਹਨ ਤਾਂ ਉਸ ਦਾ ਬਿੱਲ ਨਾਲ ਜਰੂਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਿੱਲ ਲੈਣ ਨਾਲ ਗ੍ਰਾਹਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ। ਇਸ ਦੇ ਨਾਲ ਹੀ ਬਿੱਲ ਲੈਣ ਨਾਲ ਸਰਕਾਰ ਦੇ ਖਜ਼ਾਨੇ ਨੂੰ ਲੱਗਣ ਵਾਲੇ ਚੂਨੇ ਨੂੰ ਵੀ ਬਚਾਇਆ ਜਾ ਸਕੇਗਾ।