ਮਸਲੇ ਹੱਲ ਨਾ ਹੋਣ ’ਤੇ ਸਾਬਕਾ ਸੈਨਿਕਾਂ ’ਚ ਰੋਸ
ਸਾਬਕਾ ਸੈਨਿਕ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੇਮ ਸਿੰਘ ਬਨੂੜ ਅਤੇ ਬਲਾਕ ਮੁਹਾਲੀ ਦੇ ਪ੍ਰਧਾਨ ਕੈਪਟਨ ਬੰਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਅੱਠ ਮੰਗਾਂ ਸਨ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ। ਇਨ੍ਹਾਂ ਮੰਗਾਂ ਵਿੱਚ ਕਿਸਾਨਾਂ ਲਈ ਐਮਐਸਪੀ, ਵਨ ਰੈਂਕ ਵਨ ਪੈਨਸ਼ਨ, ਵਿਧਵਾ ਔਰਤ ਨੂੰ ਉਸ ਦੇ ਪਤੀ ਦੇ ਮਰ ਜਾਣ ’ਤੇ ਪੂਰੀ ਪੈਨਸ਼ਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 18ਵੇਂ ਪੇਅ ਕਮਿਸ਼ਨ ਨੂੰ 2026 ਤੋਂ ਲਾਗੂ ਕਰਨ, ਏਰੀਅਲ ਬਹਾਲ ਕਰਨ, ਚਾਰ ਸਾਲਾ ਭਰਤੀ ਨੂੰ ਰੈਗੂਲਰ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਾਬਕਾ ਫੌਜੀਆਂ ਦੇ ਮਸਲੇ ਪ੍ਰਤੀ ਗੰਭੀਰ ਨਹੀਂ ਹੈ। ਇਸ ਮੌਕੇ ਪਾਸ ਮਤੇ ਰਾਹੀਂ ਸਾਬਕਾ ਸੈਨਿਕਾਂ ਨੇ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਲਈ ਤੁਰੰਤ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਆਪਣੀਆਂ ਮੰਗਾਂ ਹੱਕ ਅਤੇ ਕੇਂਦਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਅਮਰਜੀਤ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ ਮਲਕਪੁਰ, ਰਾਮ ਸਿੰਘ ਮਨੌਲੀ ਸੂਰਤ, ਦੀਦਾਰ ਸਿੰਘ ਬਨੂੜ, ਜਸਵੀਰ ਸਿੰਘ ਧਰਮਗੜ੍ਹ ਮੌਜੂਦ ਸਨ।