ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵੱਖ ਵੱਖ ਥਾਈਂ ਸਮਾਗਮ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਫੇਜ਼ ਤਿੰਨਬੀ-ਦੋ ਦੀ ਮਾਰਕੀਟ ਵਿਖੇ ਸ੍ਰੀ ਸ਼ਿਵ ਕਾਂਵੜ ਮਹਾਂ ਸੰਘ ਚੈਰੀਟੇਬਲ ਟਰੱਸਟ, ਪੰਚਕੂਲਾ ਮਹਾਮਾਈ ਮਨਸਾ ਦੇਵੀ ਚੈਰੀਟੇਬਲ ਭੰਡਾਰਾ ਕਮੇਟੀ ਅਤੇ ਨਿਫ਼ਾ ਚੰਡੀਗੜ੍ਹ ਵੱਲੋਂ ਟਰੇਡਰਜ਼ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਵਰੁਣ ਗੁਪਤਾ ਨੇ ਕੀਤਾ। ਟਰੱਸਟ ਦੇ ਡਾਇਰੈਕਟਰ ਰਮੇਸ਼ ਨਾਰੰਗ ਅਤੇ ਪ੍ਰਧਾਨ ਰਾਕੇਸ਼ ਕੁਮਾਰ ਸੰਗਰ ਨੇ ਦੱਸਿਆ ਕਿ 36 ਖੂਨਦਾਨੀਆਂ ਨੇ ਖੂਨ ਦਾਨ ਕੀਤਾ।
ਇਸੇ ਤਰ੍ਹਾਂ ਬਨੂੜ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਉੱਤੇ ਫੁੱਲ ਮਾਲਾ ਅਰਪਣ ਕਰਕੇ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸੁਖਦੇਵ ਸਿੰਘ ਚੰਗੇਰਾ, ਕੁਲਵਿੰਦਰ ਸਿੰਘ ਜੰਗਪੁਰਾ, ਲਖਮੀਰ ਸਿੰਘ ਧਰਮਗੜ੍ਹ, ਜਗਤਾਰ ਸਿੰਘ ਸਾਬਕਾ ਕੌਂਸਲਰ, ਅਮਰੀਕ ਸਿੰਘ ਮਕੈਨਿਕ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਥੂਹਾ, ਅਮਰੀਕ ਸਿੰਘ ਚੰਗੇਰਾ, ਐਡਵੋਕੇਟ ਬਿਕਰਮਜੀਤ ਪਾਸੀ, ਡਾ ਸ਼ਿਵ ਕੁਮਾਰ, ਮਨਜੀਤ ਸਿੰਘ ਮੋਟੇਮਾਜਰਾ, ਗੁਰਪਾਲ ਸਿੰਘ ਮੋਟੇਮਾਜਰਾ, ਤਰਲੋਚਨ ਵਾਲੀਆ ਸਮੇਤ ਵੱਡੀ ਗਿਣਤੀ ਵਿਚ ਲੋਕੀਂ ਹਾਜ਼ਰ ਸਨ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਤੋਂ ਸੇਧ ਲੈਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲਿਆ ਗਿਆ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਸਮਾਰਕ ’ਤੇ ਮਨਾਇਆ ਗਿਆ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਸਮੇਤ ਵੱਖ ਵੱਖ ਸ਼ਖਸ਼ੀਅਤਾਂ ਨੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਰੋਜਾ ਸ਼ਰੀਫ਼ ਦੇ ਖਲੀਫਾ ਸਈਅਦ ਸਾਦਿਕ ਰਜ਼ਾ, ਜਿਲਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤ ਕੁਮਾਰ, ਬਹਾਦਰ ਖਾਨ ਪੀਏ, ਰਮੇਸ਼ ਕੁਮਾਰ ਸੋਨੂ, ਐਡਵੋਕੇਟ ਗੁਰਮੀਤ ਸਿੰਘ ਬਾਜਵਾ ਸੰਗਠਨ ਇੰਚਾਰਜ, ਪ੍ਰਿਤਪਾਲ ਸਿੰਘ ਜੱਸੀ, ਦਵਿੰਦਰ ਕੌਰ ਕੌਂਸਲਰ, ਬੰਟੀ ਸੈਣੀ, ਸੁਭਾਸ਼ ਸੂਦ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ, ਜਗਰੂਪ ਸਿੰਘ ਸਰਪੰਚ, ‘ਆਪ’ ਦੇ ਬਲਾਕ ਪ੍ਰਧਾਨ ਮਨਦੀਪ ਪੋਲਾ ਮੌਜੂਦ ਸਨ।
ਇੱਕ ਲੱਖ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਕੀਤਾ ਯਾਦ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਸਕੂਲਾਂ ਵਿਚ ਸਮਾਗਮ ਕਰਵਾਏ। ਇਸ ਮੌਕੇ ਚੰਡੀਗੜ੍ਹ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਕੇਂਦਰ ਸਰਕਾਰ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਸਣੇ ਲੱਖ ਤੋਂ ਵੱਧ ਜਣਿਆਂ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਕੂਲਾਂ ਵਿਚ ਦੋ ਸੈਸ਼ਨ ਕਰਵਾਏ ਗਏ ਤੇ ਸਕੂਲਾਂ ਵਿਚ ਵਿਸ਼ੇਸ਼ ਅਸੈਂਬਲੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ, ਮਿਸ਼ਨ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਲਈ ਕਿਹਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਰਾਜਪਾਲ ਦੇ ਹੌਸਲਾ-ਅਫਜ਼ਾਈ ਦੇ ਸ਼ਬਦ ਸੁਣਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਸਕੂਲਾਂ ਵਿਚ ਦੇਸ਼ ਭਗਤੀ ਦੇ ਗੀਤ ਗਾਏ ਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ।
‘ਆਪ’ ਚੰਡੀਗੜ੍ਹ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹੀਦ ਊਧਮਸਿੰਘ ਦੇ ਸ਼ਹੀਦੀ ਦਿਵਸ ਮੌਕੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਆਗੂਆਂ ਨੇ ਅੱਜ ਸੈਕਟਰ 44 ਸਥਿਤ ਊਧਮ ਸਿੰਘ ਭਵਨ ਵਿਖੇ ਉਨ੍ਹਾਂ ਦੇ ਬੁੱਤ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜ਼ੁਲਮ ਖ਼ਿਲਾਫ਼ ਜਿਹੜੀ ਹਿੰਮਤ ਨਾਲ ਆਵਾਜ਼ ਬੁਲੰਦ ਕੀਤੀ, ਉਹ ਅੱਜ ਵੀ ਪੀੜੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਜਨਰਲ ਸਕੱਤਰ ਓਮਕਾਰ ਸਿੰਘ ਔਲਖ, ਸਕੱਤਰ ਬਾਬਾ, ਸ਼ਿਕਾਇਤ ਸੈੱਲ ਚੇਅਰਮੈਨ ਜੇਜੇ ਸਿੰਘ ਅਤੇ ਰਾਜ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਮੌਜੂਦ ਸਨ।
ਪੀਐੱਸਯੂ ਲਲਕਾਰ ਨੇ ‘ਸਰਦਾਰ ਊਧਮ ਸਿੰਘ’ ਫਿਲਮ ਦਿਖਾਈ
ਚੰਡੀਗੜ੍ਹ (ਪੱਤਰ ਪ੍ਰੇਰਕ): ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਦੇ 85ਵੇਂ ਸ਼ਹੀਦੀ ਦਿਹਾੜੇ ਮੌਕੇ ‘ਸਰਦਾਰ ਊਧਮ ਸਿੰਘ’ ਫਿਲਮ ਦਿਖਾਈ ਗਈ। ਇਹ ਫਿਲਮ ਊਧਮ ਸਿੰਘ ਦੀ ਜ਼ਿੰਦਗੀ ਅਤੇ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਨੂੰ ਅੰਜ਼ਾਮ ਦੇਣ ਵਾਲੇ ਮਾਈਕਲ ਓਡਵਾਇਰ ਦੇ ਕਤਲ ਅਤੇ ਪੰਜਾਬੀ ਲੋਕਾਂ ਉੱਤੇ ਹੋਏ ਅੰਨ੍ਹੇ ਜਬਰ ਅਤੇ ਕਤਲੇਆਮ ਦਾ ਦਰਦ ਦਿਖਾਉਂਦੀ ਹੈ। ਵਿਦਿਆਰਥੀ ਆਗੂ ਜ਼ੋਬਨ ਅਤੇ ਸਾਰਾਹ ਨੇ ਸੰਬੋਧਨ ਕੀਤਾ। ਫਿਲਮ ਵੇਖਣ ਤੋਂ ਬਾਅਦ ਵਿਦਿਆਰਥੀਆਂ ਨੇ ਗੱਲਬਾਤ ਵੀ ਕੀਤੀ।