ਵਿਸ਼ਵਕਰਮਾ ਦਿਵਸ ਮੌਕੇ ਚੰਡੀਗੜ੍ਹ ’ਚ ਕਈ ਥਾਂ ਸਮਾਗਮ
ਵਿਸ਼ਵਕਰਮਾ ਦਿਵਸ ਸਬੰਧੀ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਈਂ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਸੈਕਟਰ 48 ਦੀ ਮੋਟਰ ਮਾਰਕੀਟ ਅਤੇ ਸੈਕਟਰ 44 ਵਿੱਚ ਕੰਸਟਰੱਕਸ਼ਨ ਵਰਕਰਜ਼ ਲੇਬਰ ਯੂਨੀਅਨ ਅਤੇ ਮਜ਼ਦੂਰ ਸੇਵਾ ਸਮਿਤੀ ਵੱਲੋਂ ਲੇਬਰ ਚੌਕ ਸੈਕਟਰ 40-41 ਵਿੱਚ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਜਿਨ੍ਹਾਂ ਵਿੱਚ ਵੱਖ-ਵੱਖ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਦੀ ਤਸਵੀਰ ਅੱਗੇ ਮੱਥਾ ਟੇਕਿਆ ਅਤੇ ਪ੍ਰਬੰਧਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ।
ਸੈਕਟਰ 40-41 ਸਥਿਤ ਲੇਬਰ ਚੌਕ ਵਿੱਚ ਮਜ਼ਦੂਰ ਕਮੇਟੀ ਵੱਲੋਂ ਕਰਵਾਏ ਸਮਾਗਮ ਵਿੱਚ ਚੰਡੀਗੜ੍ਹ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਤੇ ਨਿਗਮ ਕੌਂਸਲਰ ਹਰਦੀਪ ਸਿੰਘ, ਡਾਇਰੈਕਟਰ ਗੁਰਪ੍ਰੀਤ ਸਿੰਘ ਬਡਹੇੜੀ, ‘ਆਪ’ ਦੇ ਵਾਰਡ ਪ੍ਰਧਾਨ ਗੁਰਚਰਨ ਸਿੰਘ ਬੁਟੇਰਲਾ ਨੇ ਸ਼ਮੂਲੀਅਤ ਕੀਤੀ। ਹਰਦੀਪ ਸਿੰਘ ਬੁਟੇਰਲਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਅਤੇ ਭਗਵਾਨ ਵਿਸ਼ਵਕਰਮਾ ਦੀ ਤਸਵੀਰ ਅੱਗੇ ਮੱਥਾ ਟੇਕਣ ਉਪਰੰਤ ਮਜ਼ਦੂਰ ਕਮੇਟੀ ਦੇ ਅਹੁਦੇਦਾਰਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ।
ਸੈਕਟਰ 48 ਸਥਿਤ ਮੋਟਰ ਮਾਰਕੀਟ ਅਤੇ ਸੈਕਟਰ 44 ਵਿਖੇ ਕੰਸਟਰੱਕਸ਼ਨ ਵਰਕਰਜ਼ ਲੇਬਰ ਯੂਨੀਅਨ ਅਤੇ ਸੈਕਟਰ 40 ਵਿੱਚ ਕਰਵਾਏ ਗਏ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਸੰਜੈ ਟੰਡਨ, ਚੰਡੀਗੜ੍ਹ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ, ਕੌਂਸਲਰ ਗੁਰਬਖਸ਼ ਰਾਵਤ ਨੇ ਸ਼ਮੂਲੀਅਤ ਕੀਤੀ। ਮੋਟਰ ਮਾਰਕੀਟ ਦੇ ਪ੍ਰਧਾਨ ਬਲਦੇਵ ਸਿੰਘ ਨੇ ਸਮਾਗਮ ਵਿੱਚ ਪਹੁੰਚਣ ’ਤੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਆਗੂ ਸੰਜੈ ਟੰਡਨ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਤੋਂ ਪ੍ਰੇਰਣਾ ਲੈ ਕੇ ਅੱਜ ਮਨੁੱਖ ਨੇ ਵਾਸਤੂ ਅਤੇ ਕਲਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਉਨ੍ਹਾਂ ਅੱਜ ਦੀ ਪੂਜਾ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਨ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਹੈ। ਇਸ ਦਿਨ ਫੈਕਟਰੀਆਂ, ਵਰਕਸ਼ਾਪਾਂ ਅਤੇ ਉਦਯੋਗਾਂ ਵਿੱਚ ਇੰਜਨੀਅਰ, ਆਰਕੀਟੈਕਟ, ਸ਼ਿਲਪਕਾਰ, ਡਰਾਈਵਰ ਆਦਿ ਆਪਣੇ ਯੰਤਰਾਂ ਅਤੇ ਸੰਦਾਂ ਦੀ ਵਿਸ਼ੇਸ਼ ਪੂਜਾ ਕਰਦੇ ਹਨ, ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਨਿਪੁੰਨਤਾ ਬਣੀ ਰਹੇ।