ਈਟੀਓ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਦਫ਼ਤਰਾਂ ਦਾ ਨਿਰੀਖਣ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਮੁਹਾਲੀ ਦੇ ਸਨਅਤੀ ਖੇਤਰ ਵਿੱਚ ਸਥਿਤ ਲੋਕ ਨਿਰਮਾਣ ਵਿਭਾਗ ਕੰਪਲੈਕਸ ਵਿਚਲੇ ਵਿਭਾਗੀ ਕੁਆਲਿਟੀ ਕੰਟਰੋਲ ਸੈੱਲ, ਪ੍ਰਾਂਤਕ ਮੰਡਲ, ਉਸਾਰੀ ਮੰਡਲ, ਬਾਗ਼ਬਾਨੀ ਉੱਪ ਮੰਡਲ ਮੁਹਾਲੀ ਦਫ਼ਤਰਾਂ ਦਾ ਅਚਨਚੇਤੀ ਨਿਰੀਖਣ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਇਨ੍ਹਾਂ ਦਫ਼ਤਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫ਼ਤਰ ਵਿੱਚ ਹਾਜ਼ਰ ਹੋ ਕੇ ਸਮਾਂਬੱਧ ਤਰੀਕੇ ਨਾਲ ਸਰਕਾਰੀ ਕੰਮ ਨਿਬੇੜਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਆਮ ਸ਼ਹਿਰੀਆਂ ਵੱਲੋਂ ਗ੍ਰੀਵਾਂਸ ਪੋਰਟਲ ’ਤੇ ਭੇਜੀਆਂ ਜਾਂਦੀਆਂ ਤਕਲੀਫ਼ਾਂ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਦੇਣ ਦੀ ਹਦਾਇਤ ਕੀਤੀ।
ਇਸ ਨਿਰੀਖਣ ਦੌਰਾਨ ਕੁੱਝ ਕਰਮਚਾਰੀਆਂ ਦੀ ਵਿਭਾਗੀ ਕਾਰਗੁਜ਼ਾਰੀ ਦੀ ਕੈਬਨਿਟ ਮੰਤਰੀ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦਾ ਯੋਗ ਸਨਮਾਨ ਕੀਤਾ ਜਾਵੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਆਰੀ ਅਤੇ ਸਮੇਂ ਸਿਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਸਰਕਾਰੀ ਕੰਮ ਦੌਰਾਨ ਦਰਪੇਸ਼ ਔਕੜਾਂ ਬਾਰੇ ਵੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਜਲਦੀ ਦੂਰ ਕਰਨ ਦਾ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ। ਨਿਰੀਖਣ ਦੌਰਾਨ ਇੰਜਨੀਅਰ ਇਨ ਚੀਫ ਗਗਨਦੀਪ ਸਿੰਘ, ਨਿਗਰਾਨ ਇੰਜਨੀਅਰਜ਼ ਆਰਪੀ ਸਿੰਘ, ਅਨਿਲ ਕੁਮਾਰ ਸ਼ਰਮਾ, ਕਾਰਜਕਾਰੀ ਇੰਜਨੀਅਰਜ਼ ਵਿਵੇਕ ਦੁਰੇਜਾ ਅਤੇ ਸ਼ਿਵਪ੍ਰੀਤ ਸਿੰਘ ਸਣੇ ਮਹਿਕਮੇ ਦੇ ਅਧਿਕਾਰੀ ਹਾਜ਼ਰ ਸਨ।