ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਡਟੇ ਇੰਜਨੀਅਰ
ਪਾਵਰਕੌਮ ਮੈਨੇਜਮੈਂਟ ਵੱਲੋਂ ਇੰਜਨੀਅਰਾਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਲੈ ਕੇ ਪਾਵਰਕੌਮ ਅਤੇ ਟਰਾਂਸਕੋ ਨਾਲ ਸਬੰਧਿਤ ਇੰਜਨੀਅਰ ਅੱਜ ਮੈਨੇਜਮੈਂਟ ਖ਼ਿਲਾਫ਼ ਡਟ ਗਏ। ਪਿਛਲੇ ਦਿਨੀਂ ਚੀਫ ਇੰਜਨੀਅਰ ਹਰਮੋਹਨ ਕੌਰ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਖਿਲਾਫ ਉਨ੍ਹਾਂ ਅੱਜ ਡਾਇਰੈਕਟਰ ਵਿਤ ਦੇ ਕਮਰੇ ਵਿਚ ਹੀ ਦਿੱਤਾ ਧਰਨਾ ਦੇ ਦਿੱਤਾ ਤੇ ਇੰਜਨੀਅਰਾਂ ਦੇ ਰੋਹ ਅੱਗੇ ਝੁਕਦਿਆਂ ਡਾਇਰੈਕਟਰ ਨੂੰ ਇਹ ਕਾਰਨ ਦੱਸੋ ਨੋਟਿਸ ਵਾਪਸ ਲੈਣਾ ਪਿਆ। ਭਵਿੱਖ ਵਿਚ ਇੰਜਨੀਅਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਇੰਜੀਨੀਅਰ ਐਸੋਸੀਏਸ਼ਨ ਨੇ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੀਫ ਇੰਜਨੀਅਰ ਹਰਮੋਹਨ ਕੌਰ ਨੇ ਚਾਰ ਨਵੰਬਰ ਨੂੰ ਨਗਰ ਕੀਰਤਨ ਸਬੰਧੀ ਛੁੱਟੀ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਹੋਰ ਕਾਰਜ ਲਈ ਆਪਣੀ ਛੁੱਟੀ ਵਧਾਉਣ ਲਈ ਅਰਜ਼ੀ ਭੇਜੀ ਪਰੰਤੂ ਛੁੱਟੀ ਨਾ ਵਧਾਉਂਦਿਆਂ ਮੈਨੇਜਮੈਂਟ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਜਿਸ ਵਿੱਚ ਤਰਕ ਦਿੱਤਾ ਗਿਆ ਕਿ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਕੁਝ ਜ਼ਰੂਰੀ ਮੀਟਿੰਗਾਂ ਵਿੱਚ ਸ਼ਾਮਿਲ ਹੋਣਾ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ ਜਿਸ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਉਧਰ ਇੰਜਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਅਟਵਾਲ ਦਾ ਕਹਿਣਾ ਸੀ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਲਗਾਤਾਰ ਇੰਜਨੀਅਰਾਂ ਖਿਲਾਫ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਇੱਕ ਡਾਇਰੈਕਟਰ 'ਤੇ ਕਥਿਤ ਝੂਠੇ ਦੋਸ਼ ਲਾ ਕੇ ਉਸ ਨੂੰ ਹਟਾ ਦਿੱਤਾ ਗਿਆ ਤੇ ਫਿਰ ਇੱਕ ਚੀਫ ਇੰਜਨੀਅਰ ਨੂੰ ਵੀ ਕਥਿਤ ਝੂਠੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਇੰਜਨੀਅਰ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਵਿੱਖ ਵਿੱਚ ਵੀ ਮੈਨੇਜਮੈਂਟ ਨੇ ਅਜਿਹੀਆਂ ਸਰਗਰਮੀਆਂ ਜਾਰੀ ਰੱਖੀਆਂ ਤਾਂ ਉਹ ਆਰ ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ।
