ਇਨਫੋਰਸਮੈਂਟ ਵਿੰਗ ਨੇ ਗਰੀਨ ਬੈਲਟ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਚੰਡੀਗੜ੍ਹ, 5 ਜੂਨ
ਸ਼ਹਿਰ ਵਿੱਚ ਜਨਤਕ ਥਾਵਾਂ ਦੀ ਸੁਰੱਖਿਆ ਅਤੇ ਸ਼ਹਿਰ ਦੇ ਸੁਹਜ ਅਤੇ ਵਾਤਾਵਰਨ ਸੰਤੁਲਨ ਨੂੰ ਬਣਾਈ ਰੱਖਣ ਲਈ ਇੱਕ ਸਖਤ ਕਦਮ ਚੁੱਕਦਿਆਂ ਨਗਰ ਨਿਗਮ ਚੰਡੀਗੜ੍ਹ ਨੇ ਅੱਜ ਸੈਕਟਰ-34 ਸਥਿਤ ਸ਼ਾਮ ਫੈਸ਼ਨ ਮਾਲ ਦੇ ਸਾਹਮਣੇ ਵਾਲੀ ਗ੍ਰੀਨ ਬੈਲਟ ਖੇਤਰ ਵਿੱਚੋਂ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਈ।
ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐੱਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਨਫੋਰਸਮੈਂਟ ਵਿੰਗ ਨੇ ਗਰੀਨ ਬੈਲਟ ਏਰੀਆ ਵਿੱਚ ਕਾਰਾਂ, ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਗੈਰ-ਕਾਨੂੰਨੀ ਪਾਰਕਿੰਗ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ।
ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਜਗ੍ਹਾ ਹਰਿਆਲੀ ਅਤੇ ਜਨਤਕ ਮਨੋਰੰਜਨ ਲਈ ਰਾਖਵੀਂ ਹੈ। ਅਜਿਹੀ ਅਣ-ਅਧਿਕਾਰਤ ਵਰਤੋਂ ਨਾ ਸਿਰਫ਼ ਜਨਤਾ ਲਈ ਅਸੁਵਿਧਾ ਦਾ ਕਾਰਨ ਬਣਦੀ ਹੈ ਸਗੋਂ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਅਤੇ ਨਾਗਰਿਕ ਨਿਯਮਾਂ ਦੀ ਉਲੰਘਣਾ ਕਰਦੀ ਹੈ।
ਇਸੇ ਦੌਰਾਨ ਇਨਫੋਰਸਮੈਂਟ ਟੀਮ ਨੇ ਉਲੰਘਨਾ ਕਰਨ ਵਾਲਿਆਂ ਦੇ 20 ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ ਕਾਰਾਂ, ਮੋਟਰਸਾਈਕਲ ਅਤੇ ਸਕੂਟਰ ਵੀ ਸ਼ਾਮਲ ਸਨ। ਕਮਿਸ਼ਨਰ ਅਮਿਤ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਜਨਤਕ ਸਥਾਨ ਵਾਤਾਵਰਨ ਸਥਿਰਤਾ ਅਤੇ ਭਾਈਚਾਰਕ ਵਰਤੋਂ ਲਈ ਹਨ, ਅਤੇ ਵਾਹਨਾਂ ਦੁਆਰਾ ਉਨ੍ਹਾਂ ਦੇ ਕਬਜ਼ੇ ਜਾਂ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮਿਸ਼ਨਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਸਿਰਫ ਨਿਰਧਾਰਿਤ ਖੇਤਰਾਂ ਵਿੱਚ ਹੀ ਆਪਣੇ ਵਾਹਨ ਪਾਰਕਿੰਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਉਣ ਵਾਲੇ ਹਫ਼ਤਿਆਂ ਵਿੱਚ ਸ਼ਹਿਰ ਭਰ ਵਿੱਚ ਅਜਿਹੀਆਂ ਮੁਹਿੰਮਾਂ ਚਲਾਉਂਦਾ ਰਹੇਗਾ।