ਮੁਲਾਜ਼ਮਾਂ ਵੱਲੋਂ ਡੀਸੀ ਰੇਟ ਵਧਾਉਣ ਲਈ ਭੁੱਖ ਹੜਤਾਲ ਸ਼ੁਰੂ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਸੱਦੇ ਉੱਤੇ ਤਨਖਾਹਾਂ ਵਿੱਚ ਡੀ.ਸੀ. ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਯੂ.ਟੀ. ਮੁਲਾਜ਼ਮਾਂ ਅਤੇ ਆਊਟਸੋਰਸਡ ਵਰਕਰਾਂ ਨੇ ਅੱਜ ਵਾਟਰ ਵਰਕਸ ਸੈਕਟਰ 32 ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਅੱਜ ਪਹਿਲੇ ਦਿਨ ਸੀ.ਟੀ.ਯੂ. ਕੰਡਕਟਰ ਯੂਨੀਅਨ ਦੇ ਜਨਰਲ ਸਕੱਤਰ ਸਤਿੰਦਰ ਸਿੰਘ, ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਸੀਵਰੇਜ ਐਂਪਲਾਈਜ਼ ਦੇ ਜਨਰਲ ਸਕੱਤਰ ਨਰੇਸ਼ ਕੁਮਾਰ, ਜਨ ਸੁਵਿਧਾ ਸਫ਼ਾਈ ਸੇਵਕ ਯੂਨੀਅਨ ਤੇ ਉਪ-ਪ੍ਰਧਾਨ ਮੋਹਿੰਦਰ ਢਿੱਲੋਂ, ਵਾਟਰ ਸਪਲਾਈ ਵਰਕਰਜ਼ ਯੂਨੀਅਨ ਦੇ ਮੈਂਬਰ ਸੁਦਾਗਰ ਸਿੰਘ ਅਤੇ ਜੀ.ਐੱਮ.ਐੱਚ. ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਮੋਹਨ ਸਿੰਘ ਸਾਹਨੀ ਭੁੱਖ ਹੜਤਾਲ ’ਤੇ ਬੈਠੇ।
ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਕੁਮਾਰ, ਸੁਖਬੀਰ ਸਿੰਘ, ਸ਼ਾਮ ਲਾਲ, ਰਾਹੁਲ ਵੈਦ, ਕਿਸ਼ੋਰੀ ਲਾਲ, ਨਰੇਸ਼ ਕੁਮਾਰ, ਮੋਹਿੰਦਰ ਢਿੱਲੋਂ, ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਸਾਲ 2025-26 ਲਈ ਡੀ.ਸੀ. ਰੇਟਾਂ ਨੂੰ ਨਾ ਵਧਾ ਕੇ ਆਊਟਸੋਰਸਡ ਵਰਕਰਾਂ ਨਾਲ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਲ 2025-26 ਦੇ ਲਈ ਵਧੇ ਹੋਏ ਡੀ.ਸੀ. ਰੇਟਾਂ ਨੂੰ ਲਾਗੂ ਕਰਨ ਵਾਸਤੇ ਹਰੇਕ ਵਿਭਾਗ ਨੂੰ ਵਾਧੂ ਬਜਟ ਜਾਰੀ ਕਰ ਦਿੱਤਾ ਹੈ, ਉਸ ਦੇ ਬਾਵਜੂਦ ਵੀ ਡੀ.ਸੀ. ਰੇਟ ਨਹੀ ਵਧਾਏ ਜਾ ਰਹੇ ਹਨ। ਇਸ ਸਬੰਧੀ ਕਈ ਵਾਰ ਮੀਟਿੰਗਾਂ ਹੋਈਆਂ ਤੇ ਭਰੋਸਾ ਦਿੱਤਾ ਗਿਆ ਪਰ ਅਜੇ ਤੱਕ ਵਧੇ ਹੋਏ ਰੇਟ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਤੀਨਿਧ ਮੰਡਲ ਨੂੰ ਸਪੈਸ਼ਲ ਸੈਕਟਰੀ ਫਾਇਨਾਂਸ ਦੀਪਰਵਾ ਲਾਕਰਾ ਨੇ ਵੀ ਭਰੋਸਾ ਦਿੱਤਾ ਸੀ ਕਿ ਵਾਧੇ ਦਾ ਪ੍ਰੋਸੈੱਸ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਵਧੇ ਹੋਏ ਰੇਟ ਦਾ ਨੋਟੀਫੀਕੇਸ਼ਨ ਜਾਰੀ ਹੋ ਜਾਵੇਗਾ ਪਰ ਹਾਲੇ ਤਕ ਉਨ੍ਹਾਂ ਨੂੰ ਲਾਭ ਨਹੀਂ ਮਿਲਿਆ।