ਤਿੰਨ ਮਹੀਨੇ ਦੀ ਤਨਖਾਹ ਲੈਣ ਲਈ ‘ਹੰਭੇ’ ਮੁਲਾਜ਼ਮ
ਇਨ੍ਹਾਂ ਮੁਲਾਜ਼ਮਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਨ੍ਹਾਂ ਦੇ ਇਸ ਵਾਰ ਠੇਕੇ ਨਵਿਆਏ ਨਹੀਂ ਗਏ ਤੇ ਉਨ੍ਹਾਂ ਨੂੰ ਰਿਲੀਵ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਜਿਸ ਕਾਰਨ ਇਹ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਅੱਸੀ ਤੋਂ ਸੌ ਦੇ ਦਰਮਿਆਨ ਹੈ ਤੇ ਇਹ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11, 42, 46 ਤੇ 50 ਵਿਚ ਕੰਮ ਕਰ ਰਹੇ ਹਨ। ਇਹ ਲੈਬ ਅਟੈਂਡੈਂਟ, ਚੌਕੀਦਾਰ, ਮਾਲੀ, ਡਾਟਾ ਐਂਟਰੀ ਅਪਰੇਟਰ, ਕੰਪਿਊਟਰ ਅਪਰੇਟਰ, ਚਪੜਾਸੀ, ਗੇਮ ਗਰਾਊਂਡ ਬੁਆਏ, ਸਵੀਪਰ ਵਜੋਂ ਕੰਮ ਕਰ ਰਹੇ ਹਨ। ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀ ਫਾਇਲ ਵਿੱਤ ਵਿਭਾਗ ਕੋਲ ਪਈ ਹੈ ਤੇ ਇਨ੍ਹਾਂ ਨੂੰ ਜਲਦੀ ਤਨਖਾਹ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਈ ਮੁਲਾਜ਼ਮ 18-18 ਸਾਲਾਂ ਤੋਂ ਕਾਲਜਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਮਕਾਨ ਖਾਲੀ ਕਰਨ ਲਈ ਕਿਹਾ; ਰੱਖੜੀ ਮੌਕੇ ਭੈਣਾਂ ਨੂੰ ਕੀ ਦਈਏ!
ਇਨ੍ਹਾਂ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਤਨਖਾਹ ਨਾ ਮਿਲਣ ’ਤੇ ਕਈ ਜਣਿਆਂ ਨੇ ਮਕਾਨਾਂ ਦੇ ਕਿਰਾਏ ਨਹੀਂ ਦਿੱਤੇ ਜਿਸ ਕਾਰਨ ਤਿੰਨ ਜਣਿਆਂ ਕੋਲੋਂ ਮਕਾਨ ਖਾਲੀ ਕਰਵਾ ਲਏ ਗਏ ਹਨ ਤੇ ਕਈ ਜਣਿਆਂ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਦੋ ਦਿਨ ਬਾਅਦ ਹੈ ਤੇ ਉਨ੍ਹਾਂ ਕੋਲ ਆਪਣੀਆਂ ਭੈਣਾਂ ਨੂੰ ਦੇਣ ਲਈ ਪੈਸੇ ਨਹੀਂ ਹਨ ਤੇ ਉਹ ਹੁਣ ਕਿੱਥੇ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਕ ਨੂੰ ਵੀ ਇਸ ਸਮੱਸਿਆ ਬਾਰੇ ਈਮੇਲ ਕੀਤੀ ਸੀ ਪਰ ਉਨ੍ਹਾਂ ਵਲੋਂ ਵੀ ਕੋਈ ਜਵਾਬ ਨਹੀਂ ਆਇਆ।