ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੈਲੀ
ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 28 ਜੁਲਾਈ ਨੂੰ ਕੀਤੀ ਆਨਲਾਈਨ ਮੀਟਿੰਗ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਫਰੰਟ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁਲਤਵੀ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨ ਵਾਸਤੇ ਅੱਜ ਸੂਬਾ ਕਨਵੀਨਰ ਸੁਖਦੇਵ ਸਿੰਘ ਸੈਣੀ, ਬਾਜ ਸਿੰਘ ਖਹਿਰਾ, ਕਰਮ ਸਿੰਘ ਧੰਨੋਆ ਦੀ ਅਗਵਾਈ ਵਿੱਚ ਬੱਸ ਅੱਡੇ ਸਾਹਮਣੇ ਰੈਲੀ ਮਗਰੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ ਗਏ।
ਸ੍ਰੀ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰ ਰਹੇ ਹਨ। ਬਾਜ ਸਿੰਘ ਖਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਾਰੇ ਵਰਗਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਕਰਮ ਸਿੰਘ ਧੰਨੋਆ ਨੇ ਕਿਹਾ 31 ਦਸੰਬਰ ਤੋਂ ਪਹਿਲਾਂ ਸੇਵਾਮੁਕਤ ਸਾਥੀਆਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਸੋਧੀ ਜਾਵੇ। ਬਾਕੀ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਈ ਭੱਤੇ ਦੀਆਂ ਪਿਛਲੀਆਂ ਕਿਸ਼ਤਾਂ ਅਤੇ 13 ਡੀਏ ਸੈਂਟਰ ਸਰਕਾਰ ਦੀ ਤਰਜ਼ ’ਤੇ ਦਿੱਤਾ ਜਾਵੇ, 200 ਰੁਪਏ ਟੈਕਸ ਬੰਦ ਕੀਤਾ ਜਾਵੇ ਅਤੇ ਪੰਜਵੇਂ ਪੇਅ ਕਮਿਸ਼ਨ ਦਾ ਦੂਜਾ ਭਾਗ ਲਾਗੂ ਕੀਤਾ ਜਾਵੇ, ਪੇਂਡੂ ਭੱਤੇ ਸਣੇ ਸਾਰੇ ਭੱਤੇ ਬਹਾਲ ਕੀਤੇ ਜਾਣ। ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਰੰਟ ਨਾਲ ਮੀਟਿੰਗ ਕਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਕੀਤਾ ਜਾਵੇ। ਅਜਿਹਾ ਨਾ ਹੋਣ ’ਤੇ ਉਨ੍ਹਾਂ ਕਿਹਾ ਕਿ 29 ਤਰੀਕ ਨੂੰ ਲੁਧਿਆਣਾ ਵਿੱਚ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਬਾਕੀ ਜਥੇਬੰਦੀਆਂ ਨਾਲ ਵੀ ਸਾਂਝੇ ਰੂਪ ਵਿੱਚ ਸੰਘਰਸ਼ ਕਰਨ ਲਈ ਤਾਲਮੇਲ ਕੀਤਾ ਜਾਵੇਗਾ।