ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਵਾਂ ਨਦੀ ’ਚ ਹੜ੍ਹ ਦਾ ਪਾਣੀ ਆਉਣ ਕਾਰਨ ਐਲਗਰਾਂ ਪੁਲ ਧਸਿਆ

ਪਿੱਲਰ ਘੁੰਮੇ; ਨੰਗਲ ਪ੍ਰਸ਼ਾਸਨ ਨੇ ਪੰਜ ਤੱਕ ਦੋਪਹੀਆ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾਈ
Advertisement

ਸਵਾਂ ਨਦੀ ਵਿੱਚ ਅੱਜ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਭਾਰੀ ਮੀਂਹ ਪੈਣ ਕਾਰਨ ਆਏ ਪਾਣੀ ਕਾਰਨ ਐਲਗਰਾਂ ਪੁਲ ਧਸ ਗਿਆ। ਇਸ ’ਤੇ ਪਹਿਲਾਂ ਵੀ ਕਈ ਪਿੱਲਰ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਘੁੰਮ ਗਏ ਸਨ, ਜਿਸ ਕਾਰਨ ਪੁਲ ਵਿਚਾਲੇ ਪਾੜ ਪੈਣ ਮਗਰੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਲੋਕ ਨਿਰਮਾਣ ਵਿਭਾਗ ਵੱਲੋਂ ਇਸ ਪੁਲ ’ਤੇ ਸਿਰਫ਼ ਦੋਪਹੀਆ ਵਾਹਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਸੀ। ਨਦੀ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਪੁਲ ਨੂੰ ਹੋਰ ਨੁਕਸਾਨ ਪੁੱਜਿਆ ਹੈ, ਜਿਸ ਕਾਰਨ ਪੁਲ ਵਿਚਾਲਿਓਂ ਲਮਕ ਗਿਆ ਹੈ।

ਹਾਲਾਤ ਦੇ ਮੱਦੇਨਜ਼ਰ ਨੰਗਲ ਦੇ ਐੱਸਡੀਐੱਮ ਸਚਿਨ ਪਾਠਕ ਨੇ ਇਸ ਪੁਲ ਤੋਂ ਦੋਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਮੌਕੇ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਮੁੱਖ ਸਕੱਤਰ ਟਰਾਂਸਪੋਰਟ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਰਾਹੀਂ ਦਿੱਤੇ ਅਖਤਿਆਰਾਂ ਦੀ ਵਰਤੋਂ ਕਰਦਿਆਂ ਅਤੇ ਬਤੌਰ ਚੇਅਰਪਰਸਨ ਸਬ ਡਿਵੀਜਨ ਰੋਡ ਸੇਫਟੀ ਕਮੇਟੀ ਨੰਗਲ ਸਚਿਨ ਪਾਠਕ ਨੇ ਅਗਲੇ ਤਿੰਨ ਦਿਨਾਂ ਲਈ ਸਮੁੱਚੀ ਆਵਾਜਾਈ ਬੰਦ ਕਰ ਦਿੱਤੀ ਹੈ।

Advertisement

ਐੱਸਡੀਐੱਮ ਨੰਗਲ ਪਾਠਕ ਨੇ ਮੰਨਿਆ ਹੈ ਕਿ ਪੁਲ ਦੀ ਹਾਲਤ ਕਾਫੀ ਤਰਸਯੋਗ ਹੈ ਤੇ ਇਸ ’ਤੇ ਦੋਪਹੀਆ ਵਾਹਨਾਂ ਨੂੰ ਛੱਡ ਕੇ ਕਾਫੀ ਸਮੇਂ ਤੋਂ ਆਵਾਜਾਈ ਬੰਦ ਕੀਤੀ ਗਈ ਹੈ। ਲੋਕ ਨਿਰਮਾਣ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨੇ ਪੁਲ ਦੇ ਦੋਵੇਂ ਪਾਸੇ ਪੁਲੀਸ ਦੇ ਨਾਕੇ ਲਗਾ ਦਿੱਤੇ ਹਨ ਤਾਂ ਜੋ ਲੋਕ ਪੁਲ ਨੂੰ ਗਲਤੀ ਨਾਲ ਪਾਰ ਨਾ ਕਰ ਸਕਣ।

ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਾ ਸੰਪਰਕ ਟੁੱਟਿਆ

ਐਲਗਰਾਂ ਪੁਲ ਬੰਦ ਹੋਣ ਨਾਲ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਲੋਕਾਂ ਕਾਫੀ ਸਮੇਂ ਤੋਂ ਪੁਲ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ। ਹੁਣ ਸਵਾਂ ਨਦੀ ਦੇ ਪਾਣੀ ਨੇ ਇਸ ਪੁਲ ਨੂੰ ਹੋਰ ਨੁਕਸਾਨ ਪਹੁੰਚਾ ਦਿੱਤਾ ਹੈ। ਲੋਕਾਂ ਇਹ ਮਾਮਲਾ ਕਈ ਵਾਰ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੈ। ਇਲਾਕਾ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਇਲਾਕੇ ਦੇ ਪੁਲ, ਜੋ ਦੋਵਾਂ ਸੂਬਿਆਂ ਨੂੰ ਆਪਸ ਵਿੱਚ ਜੋੜਦਾ ਹੈ, ਦੀ ਮੁਰੰਮਤ ਕਰਵਾ ਕੇ ਲੋਕਾਂ ਦੇ ਸਪੁਰਦ ਕਰਨ ਦੀ ਮੰਗ ਕੀਤੀ ਹੈ।

Advertisement