ਮਸਲੇ ਹੱਲ ਨਾ ਹੋਣ ’ਤੇ ਬਿਜਲੀ ਕਾਮੇ ਨਿਰਾਸ਼
ਯੂ.ਟੀ. ਪਾਵਰਮੈਨ ਯੂਨੀਅਨ ਦੇ ਸੱਦੇ ਤੋਂ ਬਾਅਦ ਚੰਡੀਗੜ੍ਹ ਦੇ ਬਿਜਲੀ ਕਾਮੇ ਪ੍ਰਸ਼ਾਸਨ ਖਿਲਾਫ਼ ਇੱਕ ਵਾਰ ਫਿਰ ਸੜਕਾਂ ’ਤੇ ਉਤਰ ਆਏ ਹਨ। ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਵਿਰੋਧ ਦੇ ਸੱਦੇ ਮੁਤਾਬਕ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਦਫ਼ਤਰਾਂ ਦੇ ਪ੍ਰਤੀਨਿਧੀਆਂ ਸਮੇਤ ਸਾਰੇ ਮੁੱਖ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਮੀਟਿੰਗ ਵਿੱਚ 26 ਸਤੰਬਰ ਨੂੰ ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸੀ.ਬੀ. ਓਝਾ ਨਾਲ ਹੋਈ ਮੀਟਿੰਗ ’ਤੇ ਚਰਚਾ ਤੋਂ ਬਾਅਦ ਮੀਟਿੰਗ ਵਿੱਚ ਵਿਭਾਗ ਦੇ ਨਿਜੀਕਰਨ ਉਪਰੰਤ ਕੰਪਨੀ ਕੋਲ਼ ਭੇਜੇ ਗਏ ਕਰਮਚਾਰੀਆਂ ਪ੍ਰਤੀ ਇੰਜੀਨੀਅਰਿੰਗ ਵਿਭਾਗ ਦੇ ਕਰਮਚਾਰੀਆਂ ਦੇ ਨਕਾਰਾਤਮਕ ਰਵੱਈਏ ਦਾ ਸਖ਼ਤ ਨੋਟਿਸ ਲਿਆ ਗਿਆ। ਮੁੱਖ ਇੰਜੀਨੀਅਰ, ਐੱਸ.ਈ. ਅਤੇ ਕਾਰਜਕਾਰੀ ਇੰਜਨੀਅਰ ਦੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਸਖ਼ਤ ਆਲੋਚਨਾ ਕੀਤੀ ਗਈ। ਮੀਟਿੰਗ ਵਿੱਚ ਦੋਸ਼ ਲਗਾਇਆ ਗਿਆ ਕਿ ਅਧਿਕਾਰੀਆਂ ਨੇ ਹੋਰ ਕਈ ਸ਼ਰਤਾਂ ਦੇ ਨਾਲ਼-ਨਾਲ਼ ਸਾਰੇ ਕਰਮਚਾਰੀਆਂ ਅਤੇ ਯੂਨੀਅਨ ਨੂੰ 30 ਅਪ੍ਰੈਲ ਤੱਕ ਪ੍ਰਸ਼ਾਸਨ ਵਿੱਚ ਰਲ਼ੇਵੇਂ ਦਾ ਵਿਕਲਪ ਦਿੱਤਾ ਗਿਆ ਸੀ ਪ੍ਰੰਤੂ ਅੱਠ ਮਹੀਨੇ ਬਾਅਦ ਵੀ ਇਸ ਮਾਮਲੇ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਮਸਲੇ ਵੀ ਹੱਲ ਨਾ ਹੋਏ। ਉਨ੍ਹਾਂ ਐਲਾਨ ਕੀਤਾ ਕਿ ਮੁਲਾਜ਼ਮ 16 ਅਕਤੂਬਰ ਨੂੰ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨਗੇ ਜਿਸ ਵਿੱਚ ਕਾਲ਼ੀ ਦੀਵਾਲੀ ਦਾ ਵੀ ਐਲਾਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸਾਰੇ ਦਫਤਰਾਂ ਵਿੱਚ ਗੇਟ ਮੀਟਿੰਗਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ।