ਯੂਟੀ ਦੇ ਕਾਲਜਾਂ ਵਿੱਚ ਚੋਣ ਗਤੀਵਿਧੀਆਂ ਵਧੀਆਂ
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਦੀ ਦੋ ਦਿਨ ਪਹਿਲਾਂ ਮੀਟਿੰਗ ਹੋਈ ਸੀ ਜਿਸ ਵਿਚ ਚਾਰ ਅਗਸਤ ਨੂੰ ਵੋਟਾਂ ਪਵਾਉਣ ਲਈ ਸਹਿਮਤੀ ਬਣੀ ਸੀ ਪਰ ਇਸ ਤਰੀਕ ਸਬੰਧੀ ਹਾਲੇ ਤਕ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੰਜਾਬੀ ਟ੍ਰਿਬਿਊਨ ਵਲੋ ਅੱਜ ਸ਼ਹਿਰ ਦੇ ਕਈ ਕਾਲਜਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਈ ਕਾਲਜਾਂ ਵਿੱਚ ਅੱਜ ਸਾਰੇ ਪਾਸੇ ਚੋਣਾਂ ਤੇ ਗੱਠਜੋੜ ਦੀ ਹੀ ਚਰਚਾ ਚੱਲਦੀ ਰਹੀ ਤੇ ਵਿਦਿਆਰਥੀ ਆਗੂਆਂ ਨੇ ਸਮੂਹਾਂ ਵਿਚ ਪ੍ਰਚਾਰ ਕੀਤਾ। ਸ਼ਹਿਰ ਦੇ ਕਾਲਜਾਂ ਦਾ ਅੱਜ ਮੇਲੇ ਵਰਗਾ ਮਾਹੌਲ ਸੀ ਤੇ ਕਈ ਵਿਦਿਆਰਥੀਆਂ ਨੇ ਆਪਣੀਆਂ ਪਾਰਟੀ ਦੀਆਂ ਪ੍ਰਾਪਤੀਆਂ ਗਿਣਵਾਈਆਂ। ਡੀਏਵੀ ਕਾਲਜ ਵਿਚ ਸੋਈ ਪਾਰਟੀ ਵੱਲੋਂ ਹਰਮਹਿਕ ਸਿੰਘ ਚੀਮਾ ਨੂੰ ਪ੍ਰਧਾਨਗੀ ਲਈ ਉਮੀਦਵਾਰ ਐਲਾਨਿਆ ਗਿਆ ਹੈ। ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਕਾਲਜ ਆਏ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਹਰਮਹਿਕ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਹਰਮਹਿਕ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਉਹ ਵਿਦਿਆਰਥੀਆਂ ਦੇ ਹੱਕਾਂ ਤੇ ਮਸਲਿਆਂ ਬਾਰੇ ਗੱਲ ਕਰਨਗੇ ਤੇ ਆਪਣੀ ਟੀਮ ਸਣੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ।