ਪੋਸਟਿੰਗ ਆਰਡਰ ਦੇਣਾ ਭੁੱਲਿਆ ਸਿੱਖਿਆ ਵਿਭਾਗ
ਯੂਟੀ ਦਾ ਸਿੱਖਿਆ ਵਿਭਾਗ ਕਈ ਅਧਿਆਪਕਾਂ ਨੂੰ ਪੋਸਟਿੰਗ ਆਰਡਰ ਦੇਣਾ ਹੀ ਭੁੱਲ ਗਿਆ ਹੈ। ਇਨ੍ਹਾਂ ਅਧਿਆਪਕਾਂ ਨੂੰ ਜ਼ੁਬਾਨੀ ਹੁਕਮਾਂ ’ਤੇ ਵੱਖ ਵੱਖ ਸਕੂਲਾਂ ਵਿੱਚ ਭੇਜਿਆ ਗਿਆ ਹੈ ਪਰ ਸਕੂਲ ’ਚ ਨਿਯੁਕਤੀ ਦੇ ਹੁਕਮ ਲਿਖਤੀ ਨਾ ਹੋਣ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਢਾਈ-ਤਿੰਨ ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ ਜਿਸ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਆਰਥਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ। ਇਨ੍ਹਾਂ ਅਧਿਆਪਕਾਂ ਦੀ ਹਾਲੇ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਨ੍ਹਾਂ ਅਧਿਆਪਕਾਂ ਦੀ ਗਿਣਤੀ 25 ਤੋਂ 30 ਦੇ ਦਰਮਿਆਨ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਤਿੰਨ ਮਹੀਨੇ ਪਹਿਲਾਂ ਜੇ ਬੀ ਟੀ ਤੇ ਟੀ ਜੀ ਟੀ ਅਧਿਆਪਕਾਂ ਦੀ ਭਰਤੀ ਮੁਕੰਮਲ ਕੀਤੀ ਸੀ ਤੇ ਕਈ ਅਧਿਆਪਕਾਂ ਨੂੰ ਬਾਅਦ ਵਿੱਚ ਨਿਯੁਕਤ ਕੀਤਾ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਸਨ ਪਰ ਇਸ ਵਿੱਚ ਵਿਭਾਗ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਨੂੰ ਪੋਸਟਿੰਗ ਆਰਡਰ ਜਾਰੀ ਨਹੀਂ ਕੀਤੇ ਗਏ। ਜੇ ਪੋਸਟਿੰਗ ਆਰਡਰ ਨਹੀਂ ਮਿਲੇ ਤਾਂ ਉਨ੍ਹਾਂ ਨੂੰ ਤਨਖਾਹ ਕਿਹੜੇ ਸਕੂਲ ਵਿੱਚੋਂ ਮਿਲੇਗੀ ਜੋ ਚਿੰਤਾ ਦਾ ਵਿਸ਼ਾ ਹੈ। ਇਕ ਅਧਿਆਪਕ ਨੇ ਕਿਹਾ ਕਿ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਇਸ ਸਬੰਧੀ ਪ੍ਰਸ਼ਾਸਕ ਨੂੰ ਪੱਤਰ ਲਿਖਣਗੇ।
ਸਿੱਖਿਆ ਸਕੱਤਰ ਨੂੰ ਮਿਲੇ ਨੁਮਾਇੰਦੇ
ਇਹ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ ਦੇ ਨੁਮਾਇੰਦੇ ਅਧਿਆਪਕਾਂ ਦੇ ਪੋਸਟਿੰਗ ਆਰਡਰ ਨਾ ਮਿਲਣ ’ਤੇ ਤਨਖਾਹ ਜਾਰੀ ਨਾ ਹੋਣ ਕਾਰਨ ਸਿੱਖਿਆ ਸਕੱਤਰ ਨੂੰ ਮਿਲੇ ਸਨ ਤੇ ਸਿੱਖਿਆ ਸਕੱਤਰ ਨੇ ਇਸ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਇਹ ਮਾਮਲਾ ਪੁਰਾਣੇ ਡਾਇਰੈਕਟਰ ਸਕੂਲ ਐਜੂਕੇਸ਼ਨ ਵੇਲੇ ਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਿੱਖਿਆ ਸਕੱਤਰ ਦੇ ਹੁਕਮਾਂ ਤੋਂ ਬਾਅਦ ਨਵੇਂ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਫਾਈਲ ਵੀ ਮੰਗਵਾਈ ਹੈ।
ਤਨਖਾਹ ਜਾਰੀ ਕਰਵਾਈ ਜਾਵੇ: ਅਧਿਆਪਕ
ਜੇ ਬੀ ਟੀ ਭਰਤੀ ਹੋਏ ਇੱਕ ਅਧਿਆਪਕ ਨੇ ਦੱਸਿਆ ਕਿ ਉਹ ਇਕ ਨੌਕਰੀ ਛੱਡ ਕੇ ਇੱਥੇ ਆਇਆ ਹੈ ਪਰ ਤਿਉਹਾਰਾਂ ਵੇਲੇ ਵੀ ਉਸ ਨੂੰ ਤਨਖਾਹ ਨਹੀਂ ਮਿਲੀ ਤੇ ਹੁਣ ਉਹ ਢਾਈ ਤਿੰਨ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ ਤੇ ਉਨ੍ਹਾਂ ਨੂੰ ਘਰ ਚਲਾਉਣਾ ਔਖਾ ਹੋ ਗਿਆ ਹੈ ਕਿਉਂਕਿ ਉਹ ਹੀ ਘਰ ਦਾ ਕਮਾਊ ਮੈਂਬਰ ਹੈ। ਉਸ ਨੇ ਆਪਣੇ ਰਿਸ਼ਤੇਦਾਰਾਂ ਤੋਂ ਘਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਉਧਾਰ ਲਏ ਹਨ। ਦੂਜੇ ਪਾਸੇ ਡਾਇਰੈਕਟਰ ਅਮਨਦੀਪ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਦੋ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਤੇ ਉਹ ਇਸ ਮਾਮਲੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੀ ਟਿੱਪਣੀ ਕਰਨਗੇ।
