ਪੇਚਸ਼: ਪਿੰਡ ਨਾਭਾ ਸਾਹਿਬ ’ਚ ਪਾਣੀ ਦੇ ਸੈਂਪਲ ਫੇਲ੍ਹ
ਪਿੰਡ ’ਚ ਚਾਰ ਸੌ ਮਰੀਜ਼; ਟੈਂਕਰਾਂ ਰਾਹੀਂ ਦਿੱਤੀ ਜਾ ਰਹੀ ਹੈ ਪਾਣੀ ਦੀ ਸਪਲਾਈ
Advertisement
ਪਿੰਡ ਨਾਭਾ ਸਾਹਿਬ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਫੈਲੇ ਪੇਚਿਸ਼ ਮਾਮਲੇ ਵਿੱਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਲਾਏ ਗਏ ਕੈਂਪ ਵਿੱਚ ਅੱਜ ਉਲਟੀਆਂ-ਦਸਤ ਤੋਂ ਪੀੜਤ ਲੋਕ ਪਹੁੰਚੇ ਜਿਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਲੋੜੀਂਦੇ ਟੈਸਟ ਕਰਨ ਤੋਂ ਇਲਾਵਾ ਦਵਾਈਆਂ ਦਿੱਤੀਆਂ ਗਈਆਂ। ਦੂਜੇ ਪਾਸੇ ਪਿੰਡ ਵਿੱਚੋਂ ਸਿਹਤ ਵਿਭਾਗ ਵੱਲੋਂ ਲਏ ਗਏ ਪਾਣੀ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਸ ਨੂੰ ਦੇਖਦਿਆਂ ਪਿੰਡ ਵਿੱਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਕਰ ਕੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਪਿੰਡ ਵਿੱਚ ਦੂਸ਼ਿਤ ਪਾਣੀ ਕਾਰਨ 25 ਸਤੰਬਰ ਨੂੰ ਪੇਚਸ਼ ਫੈਲ ਗਿਆ ਸੀ। ਹੁਣ ਤੱਕ ਪਿੰਡ ਵਿੱਚੋਂ 400 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਜੈ ਸਿੰਘ ਅਤੇ ਨੂੰਹ 48 ਸਾਲਾ ਦੀ ਮਨਜੀਤ ਕੌਰ ਸ਼ਾਮਲ ਹਨ ਜਦਕਿ ਮ੍ਰਿਤਕ ਜੈ ਸਿੰਘ ਦੀ ਬਜ਼ੁਰਗ ਪਤਨੀ ਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ ਜਿਸ ਨੂੰ ਚੰਡੀਗੜ੍ਹ ਸੈਕਟਰ 32 ਦਾਖ਼ਲ ਕਰਵਾਇਆ ਗਿਆ ਹੈ।
ਐੱਸ ਐੱਮ ਓ ਡੇਰਾਬੱਸੀ ਸਿਵਲ ਹਸਪਤਾਲ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਾਣੀ ਦੇ ਚਾਰ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਸੈਂਪਲ ਪਿੰਡ ਵਿੱਚ ਸਪਲਾਈ ਹੋਣ ਵਾਲੀ ਮੇਨ ਲਾਈਨ ਜਿੱਥੇ ਦੂਸ਼ਿਤ ਪਾਣੀ ਰਲ ਰਿਹਾ ਸੀ, ਉੱਥੋਂ ਲਿਆ ਗਿਆ ਸੀ ਜਦਕਿ ਤਿੰਨ ਸੈਂਪਲ ਪਿੰਡ ਦੇ ਵੱਖ ਵੱਖ ਘਰਾਂ ਵਿੱਚੋਂ ਲਏ ਗਏ ਸੀ ਜਿਨ੍ਹਾਂ ਵਿੱਚੋਂ ਮਰੀਜ਼ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਕਿ ਚਾਰੇ ਸੈਂਪਲ ਫੇਲ੍ਹ ਆਏ ਹਨ ਜੋ ਪੀਣਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਰਿਪੋਰਟ ਮੁਤਾਬਕ ਪਾਣੀ ਵਿੱਚ ਕੁਝ ਦੂਸ਼ਿਤ ਰਲ ਰਿਹਾ ਹੈ ਜਿਸ ਕਾਰਨ ਇਹ ਪਾਣੀ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਪੀਣ ਲਈ ਵਰਤਣ ਦੀ ਸਲਾਹ ਦਿੱਤੀ ਗਈ ਹੈ ਅਤੇ ਲੋੜੀਂਦਾ ਪਾਣੀ ਟੈਂਕਰਾਂ ਰਾਹੀਂ ਸਪਲਾਈ ਕਰਨ ਦੀ ਹਦਾਇਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਵੀ ਪਿੰਡ ਦੇ ਘਰ-ਘਰ ਜਾ ਕੇ ਸਰਵੇਖਣ ਕੀਤਾ ਅਤੇ ਲੋੜੀਂਦੇ ਲੋਕਾਂ ਨੂੰ ਕਲੋਰੀਨ ਦੀ ਗੋਲੀਆਂ ਵੰਡੀਆਂ।
Advertisement
Advertisement