ਪਿੰਡ ਨਾਭਾ ਸਾਹਿਬ ਵਿੱਚ ਪੇਚਿਸ਼ ਫੈਲਿਆ
ਇਥੇ ਪਿੰਡ ਨਾਭਾ ਸਾਹਿਬ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਿਸ਼ ਫੈਲ ਗਿਆ ਹੈ। ਪਿੰਡ ਵਿੱਚ ਸੈਂਕੜੇ ਤੋਂ ਵਧ ਵਸੋਂ ਬਿਮਾਰ ਹੈ। ਪਿੰਡ ਵਿੱਚ ਪੇਚਿਸ਼ ਫੈਲਣ ਮਗਰੋਂ ਸਿਹਤ ਵਿਭਾਗ ਨੇ ਸਿਹਤ ਜਾਂਚ ਕੈਂਪ ਲਾ ਕੇ ਲੋਕਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਤੋਂ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੂਸ਼ਿਤ ਪਾਣੀ ਕਾਰਨ ਲੋਕ ਬਿਮਾਰ ਪੈਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੰਘੇ ਦਿਨੀਂ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪਿੰਡ ਵਿੱਚ ਪਾਣੀ ਦੀ ਲਾਈਨ ਕਿਸੇ ਥਾਂ ਤੋਂ ਲੀਕ ਹੋ ਰਹੀ ਹੈ ਜਿਸ ਵਿੱਚ ਦੂਸ਼ਿਤ ਪਾਣੀ ਰਲ ਰਿਹਾ ਹੈ ਜੋ ਅੱਗੇ ਸਪਲਾਈ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਦਿਖਣ ਵਿੱਚ ਗੰਦਲਾ ਅਤੇ ਇਸ ਵਿੱਚੋਂ ਗੰਦੀ ਬਦਬੂ ਆ ਰਹੀ ਹੈ। ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਦੂਸ਼ਿਤ ਪਾਣੀ ਦੀ ਸਪਲਾਈ ਬਾਰੇ ਤੁਰੰਤ ਨਗਰ ਕੌਂਸਲ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਉਨ੍ਹਾਂ ਨੇ ਸਮੇਂ ਰਹਿੰਦੇ ਇਸ ਨੂੰ ਗੰਭੀਰਤਾਂ ਨਾਲ ਨਹੀਂ ਲਿਆ। ਸਿੱਟੇ ਵਜੋਂ ਪਿੰਡ ਵਿੱਚ ਬਿਮਾਰ ਵਿਅਕਤੀਆਂ ਦੀ ਤਾਦਾਤ ਵਧਦੀ ਗਈ। ਇਸ ਵੇਲੇ ਪਿੰਡ ਵਿੱਚ ਹਰੇਕ ਘਰ ਵਿੱਚ ਲੋਕ ਬਿਮਾਰ ਹੈ ਜਿਨ੍ਹਾਂ ਵਿੱਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਜਾਣਕਾਰੀ ਮਿਲਣ ਮਗਰੋਂ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਉਸ ਥਾਂ ਦੀ ਪਛਾਣ ਕਰ ਲਈ ਗਈ ਹੈ, ਜਿੱਥੇ ਪਾਣੀ ਦੀ ਸਪਲਾਈ ਵਿੱਚ ਦੂਸ਼ਿਤ ਪਾਣੀ ਰਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਦੀ ਲਾਈਨ ਲੀਕ ਹੋ ਕੇ ਪਾਣੀ ਦੀ ਲਾਈਨ ਵਿੱਚ ਰਲ ਰਿਹਾ ਸੀ ਜਿਸ ਕਾਰਨ ਇਹ ਬਿਮਾਰੀ ਫੈਲੀ ਹੈ। ਉਨ੍ਹਾਂ ਨੇ ਕਿਹਾ ਕਿ ਲੀਕੇਜ ਠੀਕ ਕਰਵਾ ਦਿੱਤੀ ਹੈ ਅਤੇ ਪਿੰਡ ਵਿੱਚ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਹੈ ਕਿ ਪੇਚਿਸ਼ ਨਾਲ ਮੌਤ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਡਾਕਟਰਾਂ ਦੀ ਟੀਮਾਂ ਤਾਇਨਾਤ ਕਰ ਪਿੰਡ ਵਿੱਚ ਕੈਂਪ ਲਾ ਕੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।