ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੇਚਿਸ਼: ਨਾਭਾ ਸਾਹਿਬ ’ਚ ਇੱਕ ਹੋਰ ਮਹਿਲਾ ਦੀ ਮੌਤ; ਬਿਰਧ ਦੀ ਹਾਲਤ ਗੰਭੀਰ

ਮ੍ਰਿਤਕਾ ਦੇ ਸਹੁਰੇ ਦੀ ਪਹਿਲਾਂ ਹੋ ਚੁੱਕੀ ਹੈ ਮੌਤ; ਇਕ ਹੋਰ ਬਿਰਧ ਮਹਿਲਾ ਦੀ ਹਾਲਤ ਗੰਭੀਰ
ਪਾਈਪ ਦੀ ਮੁਰੰਮਤ ਕਰਵਾਉਂਦੇ ਹੋਏ ਨਗਰ ਕੌਂਸਲ ਅਧਿਕਾਰੀ। -ਫੋਟੋ: ਰੂਬਲ
Advertisement

ਇੱਥੋਂ ਨੇੜਲੇ ਪਿੰਡ ਨਾਭਾ ਸਾਹਿਬ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਫੈਲਿਆ ਪੇਚਿਸ਼ ਹੁਣ ਜਾਨਲੇਵਾ ਹੁੰਦਾ ਜਾ ਰਿਹਾ ਹੈ। ਪਿੰਡ ਵਿੱਚ ਇਕ ਹੋਰ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਮਨਜੀਤ ਕੌਰ (48) ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ, ਜਦਕਿ ਇਸ ਤੋਂ ਪਹਿਲਾਂ ਉਸ ਦੇ ਸਹੁਰਾ ਜੈ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 65 ਸਾਲਾ ਇਕ ਹੋਰ ਮਹਿਲਾ ਦੀ ਹਲਾਤ ਗੰਭੀਰ ਹੈ, ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਕੌਰ ਦਾ ਪਰਿਵਾਰ ਪਿੰਡ ਵਿੱਚ ਪੇਚਿਸ਼ ਫੈਲਣ ਦੇ ਪਹਿਲੇ ਦਿਨ ਤੋਂ ਹੀ ਬਿਮਾਰ ਹੈ। ਮਨਜੀਤ ਕੌਰ ਅਤੇ ਉਸ ਦੇ ਸਹੁਰੇ ਜੈ ਸਿੰਘ ਨੂੰ ਪਹਿਲਾਂ ਮੁਹਾਲੀ ਫੇਜ਼-6 ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਮਗਰੋਂ ਪਹਿਲਾਂ ਜੈ ਸਿੰਘ ਨੂੰ ਚੰਡੀਗੜ੍ਹ ਸੈਕਟਰ 32 ਰੈਫਰ ਕੀਤਾ ਸੀ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਨਜੀਤ ਕੌਰ ਦੀ ਲੰਘੀ ਰਾਤ ਮੌਤ ਹੋ ਗਈ।

ਪਿੰਡ ਵਿੱਚ ਸਿਹਤ ਵਿਭਾਗ ਵੱਲੋਂ ਲਾਏ ਕੈਂਪ ਵਿੱਚ ਅੱਜ ਵੀ 41 ਮਰੀਜ਼ ਹੋਰ ਪਹੁੰਚੇ, ਜਿਨ੍ਹਾਂ ਨੂੰ ਜਾਂਚ ਮਗਰੋਂ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਹੁਣ ਤੱਕ ਪਿੰਡ ਵਿੱਚ ਪੇਚਿਸ਼ ਕਾਰਨ ਪੀੜਤ 400 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਲਾਈਨ ਵਿੱਚ ਸੀਵਰੇਜ ਦਾ ਦੂਸ਼ਿਤ ਪਾਣੀ ਰਲਣ ਕਾਰਨ ਪਿੰਡ ਵਿੱਚ 25 ਸਤੰਬਰ ਨੂੰ ਪੇਚਿਸ਼ ਫੈਲ ਗਿਆ ਸੀ। ਪਿੰਡ ਵਿੱਚ ਤਾਇਨਾਤ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਢਕੋਲੀ ਹਸਪਤਾਲ ਵਿੱਚ ਲੰਘੇ ਦਿਨ ਚਾਰ ਮਰੀਜ਼ ਦਾਖ਼ਲ ਸੀ ਜਿਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।

Advertisement

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਭਾਰੀ ਪਈ

ਪਿੰਡ ਵਾਸੀਆਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਦੇ ਤੁਰੰਤ ਬਾਅਦ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਪਿੰਡ ਵਿੱਚ ਬਿਮਾਰੀ ਫੈਲ ਗਈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕੌਂਸਲ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਪਿੰਡ ਵਿੱਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਨਾ ਧੋਣਾ ਪੈਂਦਾ।

ਕੌਂਸਲ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਹੋਵੇ: ਐੱਨ ਕੇ ਸ਼ਰਮਾ

ਸਾਬਕਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਪਿੰਡ ਨਾਭਾ ਸਾਹਿਬ ਦਾ ਦੌਰਾ ਕਰਦੇ ਹੋਏ। -ਫੋਟੋ: ਰੂਬਲ

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਨਾਭਾ ਸਾਹਿਬ ਵਿੱਚ ਪੇਚਿਸ਼ ਕਾਰਨ ਹੋਈਆਂ ਦੋ ਮੌਤਾਂ ਲਈ ਨਗਰ ਕੌਂਸਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਅੱਜ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇੱਥੇ ਲੰਬੇ ਸਮੇਂ ਤੋਂ ਸਫਾਈ ਨਹੀਂ ਕੀਤੀ ਗਈ ਹੈ ਅਤੇ ਥਾਂ ਥਾਂ ਸੀਵਰੇਜ ਓਵਰਫਲੋਅ ਹੈ। ਉਨ੍ਹਾਂ ਕਿਹਾ ਕਿ ਨਾਭਾ ਸਾਹਿਬ ਵਿੱਚ ਕਾਫ਼ੀ ਸਮੇਂ ਤੋਂ ਫੌਗਿੰਗ ਨਹੀਂ ਹੋਈ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਨਾਭਾ ਸਾਹਿਬ ਹੀ ਨਹੀਂ ਸਗੋਂ ਜ਼ੀਰਕਪੁਰ ਇਲਾਕੇ ਦੇ ਕਈ ਪਿੰਡਾਂ ਅਤੇ ਵਾਰਡਾਂ ਵਿੱਚ ਗੰਦਗੀ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪੇਚਿਸ਼ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੰਮ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

Advertisement
Show comments