ਦਸਹਿਰੇ ਦਾ ਜੋੜ ਮੇਲ ਨਗਰ ਕੀਰਤਨ ਨਾਲ ਸਮਾਪਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਅਦ ਦੁਪਹਿਰ ਸਜਾਏ ਗਏ ਨਗਰ ਕੀਰਤਨ ਨਾਲ ਦਸਹਿਰੇ ਦਾ ਜੋੜ ਮੇਲ ਅਮਨ ਅਮਾਨ ਨਾਲ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਸਜਾਏ ਇਸ ਨਗਰ ਕੀਰਤਨ ਦੇ ਸ਼ੁਰੂਆਤ ਦੀ ਅਰਦਾਸ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਗੁਰਬਾਜ ਸਿੰਘ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ ਸਾਹਿਬ ਅਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੇ ਅੱਗੇ ਸੁੰਦਰ ਬਾਣੇ ਵਿੱਚ ਸਜੇ ਮੀਰੀ ਪੀਰੀ ਖਾਲਸਾ ਗਤਕਾ ਦਲ ਚਮਕੌਰ ਸਾਹਿਬ ਦੀ ਗਤਕਾ ਪਾਰਟੀ ਜੌਹਰ ਵਿਖਾਉਂਦੇ ਹੋਏ ਚੱਲ ਰਹੇ ਸਨ, ਜਦੋਂ ਕਿ ਇਨ੍ਹਾਂ ਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਸ਼ੋਭਿਤ ਸੁੰਦਰ ਪਾਲਕੀ ਅਤੇ ਵੱਖ-ਵੱਖ ਧਾਰਮਿਕ ਕੀਰਤਨੀ ਜਥਿਆਂ ਸਣੇ ਪਿੰਡਾਂ ਦੀਆਂ ਕਈ ਧਾਰਮਿਕ ਸੁਸਾਇਟੀਆਂ ਦੇ ਮੈਂਬਰ ਵੀ ਕੀਰਤਨ ਕਰਦੇ ਹੋਏ ਚੱਲ ਰਹੇ ਸਨ। ਦੂਜੇ ਪਾਸੇ ਪੁਲੀਸ ਪ੍ਰਸ਼ਾਸ਼ਨ ਵੱਲੋਂ ਅੱਜ ਬਹੁਤ ਹੀ ਕਰੜੇ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਕਿ ਕੋਈ ਸ਼ਰਾਰਤੀ ਅਨਸਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਸਕਣ । ਇਸ ਅਵਸਰ ਤੇ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ,ਐੱਸਪੀਡੀ ਗੁਰਦੀਪ ਸਿੰਘ ਗੋਸਲ, ਡੀ ਐੱਸ ਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਖੁਦ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ ਤਾਂ ਜੋ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਇਸ ਮੌਕੇ ਸਟੇਟ ਬੈਂਕ ਆਫ ਪਟਿਆਲਾ ਦੇ ਸਾਬਕਾ ਡਾਇਰੈਕਟਰ ਦਵਿੰਦਰ ਸਿੰਘ ਜਟਾਣਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਮੋਹਣ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲਖੇਵਾਲ, ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਮੈਨੇਜਰ ਭਾਈ ਗੁਰਮੁੱਖ ਸਿੰਘ , ਬਲਦੇਵ ਸਿੰਘ ਹਾਫਿਜ਼ਾਬਾਦ, ਭਾਈ ਪਰਮਿੰਦਰ ਸਿੰਘ ਸੇਖੋਂ ਅਤੇ ਮਨੋਹਰ ਸਿੰਘ ਮੱਕੜ ਆਦਿ ਹਾਜ਼ਰ ਸਨ।
।