ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਰਾਲੀ ਵਾਸੀਆਂ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਰੱਦ

ਸੈਕਟਰ 101 ਅਤੇ 103 ਵਿਚ ਆਉਂਦੀ ਪਿੰਡ ਦੀ ਜ਼ਮੀਨ ਕਿਸੇ ਵੀ ਕੀਮਤ ਉੱਤੇ ਨਾ ਦੇਣ ਦਾ ਲਿਆ ਅਹਿਦ
ਪਿੰਡ ਦੁਰਾਲੀ ਵਿਖੇ ਗ੍ਰਾਮ ਸਭਾ ਦੀ ਇਕੱਤਰਤਾ ਵਿਚ ਜੁੜੇ ਪਿੰਡ ਵਾਸੀ। -ਫੋਟੋ: ਚਿੱਲਾ
Advertisement
ਮੁਹਾਲੀ ਬਲਾਕ ਅਧੀਨ ਪੈਂਦੇ ਪਿੰਡ ਦੁਰਾਲੀ ਦੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿਚ ਇਕੱਠ ਕਰਕੇ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਹਸਤਾਖ਼ਰ ਕਰਕੇ ਅਤੇ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਕਿ ਉਹ ਪਿੰਡ ਦੀ ਜ਼ਮੀਨ ਜੋ ਕਿ ਮੁਹਾਲੀ ਦੇ 101 ਅਤੇ 103 ਸੈਕਟਰਾਂ ਵਿਚ ਪੈਂਦੀ ਹੈ, ਕਿਸੇ ਵੀ ਕੀਮਤ ਉੱਤੇ ਸਰਕਾਰ ਨੂੰ ਨਹੀਂ ਦੇਣਗੇ।

ਪਿੰਡ ਦੇ ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਨੰਬਰਦਾਰ ਬਹਾਦਰ ਸਿੰਘ, ਰਾਜਿੰਦਰ ਸਿੰਘ, ਜਗਦੀਪ ਸਿੰਘ, ਹਰਨੇਕ ਸਿੰਘ, ਰਣਬੀਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ, ਹਰਵਿੰਦਰ ਸਿੰਘ(ਸਾਰੇ ਪੰਚ), ਸਤਨਾਮ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਕਿਸਾਨ ਆਗੂ ਦਰਸ਼ਨ ਸਿੰਘ, ਬਲਬੀਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਲਾਲੀ ਆਦਿ ਨੇ ਦੱਸਿਆ ਇਸ ਇਕੱਠ ਵਿਚ ਜ਼ਮੀਨ ਦੇ ਸਮੁੱਚੇ ਖੇਵਟਦਾਰ ਹਾਜ਼ਰ ਸਨ।

Advertisement

ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਪਿੰਡ ਦੇ ਕਿਸਾਨਾਂ ਕੋਲ ਸੀਮਤ ਜ਼ਮੀਨ ਹੈ। ਉਹ ਆਪਣੀ ਜ਼ਮੀਨਾਂ ਵਿਚ ਖੇਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਨਵੀਂ ਲੈਂਡ ਪੂਲਿੰਗ ਨੀਤੀ ਉੱਤੇ ਅਨੇਕਾਂ ਇਤਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਦਾ ਮਤਾ ਅਗਲੇਰੀ ਕਾਰਵਾਈ ਲਈ ਗਮਾਡਾ ਅਤੇ ਉੱਚ ਅਧਿਕਾਰੀਆਂ ਨੂੰ ਵੀ ਭੇਜਿਆ ਜਾਵੇਗਾ।

ਹੋਰਨਾਂ ਪਿੰਡਾਂ ਦੇ ਕਿਸਾਨ ਵੀ ਲੈਂਡ ਪੂਲਿੰਗ ਤੋਂ ਇਨਕਾਰੀ

ਇਸੇ ਤਰਾਂ ਪਿੰਡ ਸਨੇਟਾ, ਪੱਤੋਂ, ਬੜੀ, ਕੁਰੜੀ, ਸਿਆਊ, ਕਿਸ਼ਨਪੁਰਾ ਆਦਿ ਦੇ ਕਈਂ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀਆਂ ਜ਼ਮੀਨਾਂ ਲਈ ਲੈਂਡ ਪੂਲਿੰਗ ਦੀ ਸਹਿਮਤੀ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਅਨੇਕਾਂ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਪਹਿਲਾਂ ਮੁਹਾਲੀ ਵਿਚ ਆ ਚੁੱਕੇ ਪਿੰਡਾਂ ਨੂੰ ਗਮਾਡਾ ਵੱਲੋਂ ਕੋਈ ਬੁਨਿਆਦੀ ਸਹੂਲਤ, ਜਿਸ ਵਿਚ ਨਾ ਕੋਈ ਸਿੱਧੀ ਸੜਕ, ਨਾ ਹੀ ਸੀਵਰੇਜ ਤੇ ਪਾਣੀ ਦੀ ਲਾਈਨ, ਨਾ ਹੀ ਸਾਂਝੇ ਕੰਮਾਂ ਲਈ ਥਾਂ, ਨਾ ਹੀ ਕੋਈ ਪਾਰਕ ਆਦਿ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਜਬਰੀ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਡਟਵਾਂ ਵਿਰੋਧ ਕਰਨਗੇ।

Advertisement