ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨਾਜ ਮੰਡੀ ਵਿੱਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਬੋਰੀਆਂ ਭਿੱਜੀਆਂ

ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਅਨਾਜ ਮੰਡੀ ਨੇ ਛੱਪੜ ਦਾ ਰੂਪ ਧਾਰਿਆ; ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋਏ
Advertisement

ਇਸ ਵਾਰ ਮੀਂਹ ਕਿਸਾਨਾਂ ਲਈ ਆਫ਼ਤ ਬਣ ਕੇ ਆਇਆ ਹੈ। ਭਾਰੀ ਮੀਂਹ ਕਾਰਨ ਜਿਥੇ ਪੰਜਾਬ ਵਿੱਚ ਹੜ੍ਹ ਆ ਗਏ ਸਨ ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਉਥੇ ਹੀ ਅੱਜ ਪਏ ਤੇਜ਼ ਮੀਂਹ ਨਾਲ ਖੇਤਰ ਦੀ ਅਨਾਜ ਮੰਡੀਆਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਦਫਤਰਾਂ ਵਿੱਚ ਬੈਠੇ ਹੀ ਮੀਂਹ ਤੋਂ ਬਚਣ ਲਈ ਪੂਰੇ ਪ੍ਰਬੰਧ ਹੋਣ ਦੇ ਦਾਅਵੇ ਕਰ ਰਹੇ ਹਨ ਜਦਕਿ ਜ਼ਮੀਨੀ ਹਕੀਕਤ ਜਾਣਨ ਲਈ ਕਿਸੇ ਵੀ ਅਧਿਕਾਰੀ ਨੇ ਮੰਡੀ ਵਿੱਚ ਪਹੁੰਚ ਕੇ ਕਿਸਾਨਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਬੋਰੀਆਂ ਤਰਪਾਲਾਂ ਨਾ ਹੋਣ ਕਾਰਨ ਖ਼ਰਾਬ ਹੋ ਗਈਆਂ। ਮੌਸਮ ਵਿਭਾਗ ਵੱਲੋਂ ਪਹਿਲਾਂ ਇਸ ਦੀ ਭਵਿੱਖਵਾਣੀ ਕੀਤੀ ਹੋਈ ਸੀ, ਇਸ ਦੇ ਬਾਵਜੂਦ ਪ੍ਰਸ਼ਾਸ਼ਨ ਨੇ ਇਸ ਲਈ ਕੋਈ ਵੀ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਇਥੋਂ ਦੀ ਧਨੌਨੀ ਅਤੇ ਅਮਲਾਲਾ ਮੰਡੀ ਵਿੱਚ ਫਸਲਾਂ ਨੂੰ ਸ਼ੈੱਡ ਦੇ ਹੇਠਾਂ ਰੱਖਣ ਦੇ ਪ੍ਰਬੰਧ ਨਾ ਹੋਣ ਕਾਰਨ ਕਾਫੀ ਬੋਰੀਆਂ ਭਿੱਜ ਗਈਆਂ। ਇਸ ਤੋਂ ਇਲਾਵਾ ਮੀਂਹ ਤੇਜ਼ ਅਤੇ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਧਨੌਨੀ ਮੰਡੀ ਨੇ ਛੱਪੜ ਦਾ ਰੂਪ ਧਾਰ ਲਿਆ। ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਹੁਣ ਮੀਂਹ ਦੇ ਦੋਹਰੀ ਮਾਰ ਮਾਰੀ ਹੈ। ਐਸ.ਡੀ.ਐਮ. ਅਮਿਤ ਗੁਪਤਾ ਨੇ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੀਂਹ ਦੇ ਖਦਸ਼ੇ ਕਾਰਨ ਪਹਿਲਾਂ ਹੀ ਢੁੱਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਸੀ। ਪਨਗਰੇਨ ਏਜੰਸੀ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਨੂੰ ਪੂਰੇ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਗਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਰੀਆਂ ਬੋਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਪਹਿਲਾਂ ਹੀ ਢੱਕਿਆ ਹੋਇਆ ਸੀ। ਜਦ ਉਨ੍ਹਾਂ ਨੂੰ ਬੋਰੀਆਂ ਦੇ ਗਿੱਲੇ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਏਗੀ।

ਵੱਧ ਨਮੀ ਵਾਲੀਆਂ ਟਰਾਲੀਆਂ ਵਾਪਸ ਭੇਜੀਆਂ

Advertisement

ਚਮਕੌਰ ਸਾਹਿਬ (ਸੰਜੀਵ ਬੱਬੀ): ਮੌਸਮ ਵਿਭਾਗ ਵਲੋਂ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕਾਰਨ ਕਿਸਾਨਾਂ ਵੱਲੋਂ ਵੱਧ ਨਮੀ ਵਾਲਾ ਝੋਨਾ ਵੀ ਵਢਾ ਲਿਆ ਗਿਆ ਹੈ ਤੇ ਕਿਸਾਨਾਂ ਵੱਲੋਂ ਇਹ ਝੋਨਾ ਮੰਡੀ ਵਿਚ ਲਿਜਾਇਆ ਗਿਆ ਪਰ ਅਨਾਜ ਮੰਡੀ ਚਮਕੌਰ ਸਾਹਿਬ ਅਤੇ ਅਨਾਜ ਮੰਡੀ ਬੇਲਾ ਵਿਖੇ ਸਰਕਾਰ ਵੱਲੋਂ ਤੈਅ ਕੀਤੀ ਗਈ ਨਮੀ ਦੀ ਮਾਤਰਾ ਤੋਂ ਵੱਧ ਨਮੀ ਵਾਲੀਆਂ ਟਰਾਲੀਆਂ ਵਾਪਸ ਭੇਜ ਦਿੱਤੀਆਂ ਗਈਆਂ। ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਸੈਕਟਰੀ ਅਰਵਿੰਦ ਕੁਮਾਰ ਅਤੇ ਬੇਲਾ ਮੰਡੀ ਦੇ ਇੰਚਾਰਜ ਬਲਜੀਤ ਸਿੰਘ ਬਜੀਦਪੁਰ ਨੇ ਦੱਸਿਆ ਕਿ ਅਨਾਜ ਮੰਡੀ ਬੇਲਾ ਵਿਖੇ ਸਰਕਾਰ ਵੱਲੋਂ ਤੈਅ ਕੀਤੀ ਗਈ ਨਮੀ ਦੀ ਮਾਤਰਾ ਤੋਂ ਵੱਧ ਨਮੀ ਵਾਲੀਆਂ ਝੋਨੇ ਦੀਆਂ ਟਰਾਲੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਤਾਂ ਜੋ ਨਮੀ ਦੀ ਸਹੀ ਮਾਤਰਾ ਵਾਲੇ ਕਿਸਾਨਾਂ ਨੂੰ ਮੰਡੀ ਵਿੱਚ ਝੋਨੇ ਦੀ ਅਨਲੋਡਿੰਗ ਦੀ ਸਮੱਸਿਆ ਨਾ ਆਵੇ। ਵਾਪਸ ਭੇਜੀਆਂ ਜਾਣ ਵਾਲੀਆਂ ਟਰਾਲੀਆਂ ਦੀ ਨਮੀ ਦੀ ਮਾਤਰਾ 20 ਫ਼ੀਸਦ ਤੋਂ ਲੈ ਕੇ 30 ਫ਼ੀਸਦ ਤੱਕ ਸੀ। ਜ਼ਿਲ੍ਹਾ ਮੰਡੀ ਅਫਸਰ ਰੂਪਨਗਰ ਸੁਰਿੰਦਰ ਪਾਲ ਨੇ ਕਿਹਾ ਕਿ ਸਰਕਾਰੀ ਮਾਪਦੰਡਾਂ ਅਨੁਸਾਰ 17 ਫ਼ੀਸਦ ਨਮੀ ਵਾਲਾ ਝੋਨਾ ਹੀ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤੇ ਝੋਨੇ ਦਾ ਸਹੀ ਭਾਅ ਮਿਲ ਸਕੇ।

Advertisement
Show comments