Drug News: ‘ਆਪ’ ਆਗੂ ਦੇ ਕਰੀਬੀ ਰਿਸ਼ਤੇਦਾਰ ਹੈਰੋਇਨ ਸਣੇ ਕਾਬੂ
ਜਗਮੋਹਨ ਸਿੰਘ
ਘਨੌਲੀ, 12 ਜੁਲਾਈ
ਇੱਥੋਂ ਦੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ 25 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੋਵੇਂ ਸਕੇ ਭਰਾ ਹਨ ਜੋ ਆਨੰਦਪੁਰ ਸਾਹਿਬ ਦੇ ਇੱਕ ਆਪ ਆਗੂ ਦੇ ਕਰੀਬੀ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਐਸ.ਐਚ.ਓ. ਸਦਰ ਰੂਪਨਗਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸੋਹਣ ਸਿੰਘ ਵੱਲੋਂ ਏ.ਐਸ.ਆਈ. ਰਾਜ ਕੁਮਾਰ, ਸਿਪਾਹੀ ਸਤਿੰਦਰਪਾਲ ਸਿੰਘ ਤੇ ਮਹਿਲਾ ਸੀਨੀਅਰ ਸਿਪਾਹੀ ਸੁਮਨ ਦੇਵੀ ਸਮੇਤ ਬਾਅਦ ਦੁਪਹਿਰ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਦਾਣਾ ਮੰਡੀ ਘਨੌਲੀ ਦੇ ਸ਼ੈਡ ਥੱਲੇ ਦੋ ਨੌਜਵਾਨ ਬੈਗ ਦੀ ਤਲਾਸ਼ੀ ਲੈ ਰਹੇ ਹਨ ਜੋ ਪੁਲੀਸ ਨੂੰ ਦੇਖ ਕੇ ਘਬਰਾ ਗਏ। ਤਲਾਸ਼ੀ ਲੈਣ ’ਤੇ ਇਸ ਵਿਚੋਂ ਹੈਰੋਇਨ ਬਰਾਮਦ ਹੋਈ। ਇਨ੍ਹਾਂ ਦੀ ਪਛਾਣ ਜਤਿੰਦਰ ਕੁਮਾਰ ਉਰਫ ਜਾਨੂੰ ਤੇ ਕਰਨਵੀਰ ਉਰਫ ਕਾਕੂ ਵਾਸੀ ਵਾਰਡ ਨੰਬਰ 4 ਮੁਹੱਲਾ ਅਟਾਰੀ ਵਾਲਾ ਵਜੋਂ ਹੋਈ ਜਿਨ੍ਹਾਂ ਕੋਲੋਂ 25 ਗਰਾਮ ਹੈਰੋਇਨ ਬਰਾਮਦ ਹੋਈ
ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਨੌਜਵਾਨਾਂ ਨੂੰ ਫੜੇ ਜਾਣ ਉਪਰੰਤ ਥਾਣੇ ਪੁੱਜੇ ਆਪ ਆਗੂ ਤੇ ਉਸ ਦੀ ਪਤਨੀ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਛੁਡਾਉਣ ਲਈ ਪੂਰੀ ਵਾਹ ਲਾਈ, ਪਰ ਮਾਮਲਾ ਨਸ਼ੇ ਨਾਲ ਜੁੜਿਆ ਹੋਣ ਕਾਰਨ ਉਨ੍ਹਾਂ ਦੀ ਪੁਲੀਸ ਅੱਗੇ ਕੋਈ ਪੇਸ਼ ਨਹੀਂ ਚੱਲੀ। ਚੌਕੀ ਇੰਚਾਰਜ ਸੋਹਣ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਨਾਲ ਜੁੜਿਆ ਹੋਵੇ।