ਬਾਜਵਾ ਤੇ ਲਾਲਪੁਰਾ ਸਣੇ ਦਰਜਨਾਂ ਭਾਜਪਾ ਵਰਕਰ ਹਿਰਾਸਤ ’ਚ ਲਏ
ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਅੱਜ ਪਿੰਡ ਲਾਲਪੁਰ ਵਿੱਚ ਭਾਜਪਾ ਵੱਲੋਂ ‘ਵਿਸ਼ੇਸ਼ ਸੇਵਾ ਕੈਂਪ’ ਦਾ ਉਦਘਾਟਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਫਤਹਿਜੰਗ ਸਿੰਘ ਬਾਜਵਾ ਨੇ ਕੀਤਾ ਪਰ ਜਿਵੇਂ ਹੀ ਪ੍ਰੋਗਰਾਮ ਸ਼ੁਰੂ ਹੋਇਆ, ਲਾਲਪੁਰ ਖੇਤਰ ਵਿੱਚ ਪੁਲੀਸ ਛਿਉਣੀ ਵਿੱਚ ਤਬਦੀਲ ਹੋ ਗਿਆ। ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਕੈਂਪ ਲਗਾਉਣ ਤੋਂ ਰੋਕ ਦਿੱਤਾ ਗਿਆ। ਬਾਜਵਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਵਿੱਚ ਅਸਫਲ ਰਹੀ ਹੈ, ਇਸ ਲਈ ਭਾਜਪਾ ਵੱਲੋਂ ਇਹ ਵਿਸ਼ੇਸ਼ ਸੇਵਾ ਕੈਂਪ ਸ਼ੁਰੂ ਕੀਤੇ ਗਏ ਹਨ। ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਵਿਧਾਇਕ ਦੀ ‘ਤੁਹਾਡੇ ਹੱਕਾਂ ਲਈ’ ਮੁਹਿੰਮ ਦੇ ਤਹਿਤ ਨਾਗਰਿਕਾਂ ਦੇ ਨਿੱਜੀ ਡਾਟੇ ਦੀ ਗੈਰਕਾਨੂੰਨੀ ਵਸੂਲੀ ਦੀ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਰਚ 2025 ਤੋਂ ਇਨ੍ਹਾਂ ਕੈਂਪਾਂ ਰਾਹੀਂ ਆਧਾਰ ਨੰਬਰ, ਬੈਂਕ ਜਾਣਕਾਰੀ ਅਤੇ ਹੋਰ ਸੰਵੇਦਨਸ਼ੀਲ ਨਿੱਜੀ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਨਾਂ ਸੂਚਿਤ ਕੀਤੇ ਗੈਰਕਾਨੂੰਨੀ ਤਰੀਕੇ ਨਾਲ ਇਕੱਠਾ ਕੀਤਾ ਜਾ ਰਿਹਾ ਹੈ। ਲਾਲਪੁਰਾ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਗੰਭੀਰ ਮਸਲੇ ’ਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਤਾਂ ਭਾਜਪਾ ਰਾਜਪਾਲ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਤੱਕ ਜਾਣ ਲਈ ਮਜਬੂਰ ਹੋਵੇਗੀ।ਇਸ ਦੌਰਾਨ ਭਾਜਪਾ ਆਗੂ ਵਰਿੰਦਰ ਰਾਣਾ, ਕੁਲਜਿੰਦਰ ਸਿੰਘ ਲਾਲਪੁਰਾ, ਨਵੀਨ ਕੁਮਾਰ, ਐਡਵੋਕੇਟ ਅਮਨਪ੍ਰੀਤ ਕਾਬੜਵਾਲ, ਓਂਕਾਰ ਸਿੰਘ ਅਭਿਆਣਾ, ਰੋਸ਼ਨ ਲਾਲ ਟੇਡਵਾਲ, ਜਸੀ ਰੂਰੇ ਮਾਜਰਾ, ਜਗਦੀਸ਼ ਚੰਦਰ ਕਾਜਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੂੰ ਹਰੀਪੁਰ ਚੌਕੀ ‘ਤੇ ਹਿਰਾਸਤ ਵਿੱਚ ਲਿਆ ਗਿਆ।