ਲੋਕਾਂ ਨੂੰ ਗੁੰਮਰਾਹ ਨਾ ਕਰਨ ਚੰਨੀ: ਵਿਧਾਇਕ
ਰੁਚਿਕਾ ਪੇਪਰ ਮਿੱਲ ਨੂੰ ਕਾਂਗਰਸ ਦੀ ਦੇਣ ਦੱਸਿਆ; ਪੇਪਰ ਮਿੱਲ ਦੇ ਮਾਲਕਾਂ ਨਾਲ ਇਕੱਠਿਆਂ ਚੋਣ ਪ੍ਰਚਾਰ ਦੇ ਦੋਸ਼
Advertisement
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਚਮਕੌਰ ਸਾਹਿਬ ਇਲਾਕੇ ਅੰਦਰ ਲਗਾਈ ਜਾ ਰਹੀ ਰੁਚਿਕਾ ਪੇਪਰ ਮਿੱਲ ਦੇ ਵਿਰੁੱਧ ਸੰਸਦ ਵਿੱਚ ਆਵਾਜ਼ ਉਠਾਉਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੇਪਰ ਮਿੱਲ ਸਬੰਧੀ ਮਗਰਮੱਛ ਦੇ ਹੰਝੂ ਵਹਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅੱਜ ਨਹਿਰੀ ਵਿਸ਼ਰਾਮ ਘਰ ਰੂਪਨਗਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਚੰਨੀ ਨੇ ਦੋਸ਼ ਲਗਾਇਆ ਕਿ ਧੌਲਰਾਂ ਪਿੰਡ ਵਿੱਚ ਲਗਾਈ ਜਾ ਰਹੀ ਪੇਪਰ ਮਿੱਲ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਦੀ ਪੰਚਾਇਤ ਤੋਂ ਦਬਾਅ ਅਧੀਨ ਮਤਾ ਪਵਾ ਕੇ ਜ਼ਮੀਨ ਦੀ ਰਜਿਸਟਰੀ ਤੜਕਸਾਰ ਹੀ ਚਮਕੌਰ ਸਾਹਿਬ ਦੀ ਤਹਿਸੀਲ ਵਿੱਚ ਸੰਨ 2019 ਵਿੱਚ ਕਰਵਾਈ ਸੀ। ਉਨ੍ਹਾਂ ਕਿਹਾ ਕਿ ਸੰਸਦ ਚੰਨੀ ਅਤੇ ਰਾਣਾ ਗੁਰਜੀਤ ਸਿੰਘ ਦੀ ਨੇੜਤਾ ਜੱਗ ਜ਼ਾਹਿਰ ਹੈ ਅਤੇ ਉਹ ਜ਼ਿਮਨੀ ਚੋਣ ਦੌਰਾਨ ਇਕੱਠੇ ਚੋਣ ਪ੍ਰਚਾਰ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਉਨ੍ਹਾਂ ਦਾ ਝੂਠ ਇੱਥੋਂ ਫੜਿਆ ਜਾਂਦਾ ਹੈ ਕਿ ਉਹ ਸਿਰਫ 125 ਕਰੋੜ ਰੁਪਏ ਦੇ ਗੁਰੂ ਗੋਬਿੰਦ ਸਿੰਘ ਸਕਿੱਲ ਪ੍ਰਾਜੈਕਟ ਲਈ ਆਪਣੇ ਕਾਰਜਕਾਲ ਦੌਰਾਨ 500 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦਾ ਦਾਅਵਾ ਕਰ ਰਹੇ ਹਨ। ਇਸ ਮੌਕੇ ਪ੍ਰਸ਼ੋਤਮ ਸਿੰਘ ਮਾਹਲ, ਭੁਪਿੰਦਰ ਸਿੰਘ ਭੂਰਾ ਮੀਤ ਪ੍ਰਧਾਨ ਨਗਰ ਕੌਸਲ ਚਮਕੌਰ ਸਾਹਿਬ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਚੈੜੀਆਂ, ਜਗਤਾਰ ਸਿੰਘ ਘੜੂੰਆਂ, ਹਰਿੰਦਰ ਸਿੰਘ ਸਰਪੰਚ ਜਟਾਣਾ, ਨਵਦੀਪ ਸਿੰਘ ਟੋਨੀ ਅਤੇ ਇਲਾਕੇ ਦੇ ਲਗਭਗ ਦੋ ਦਰਜਨ ਪਿੰਡਾਂ ਦੇ ਸਰਪੰਚ ਤੇ ਮੋਹਤਬਰ ਹਾਜ਼ਰ ਸਨ।
Advertisement
Advertisement