ਮਿਲਟਰੀ ਲਿਟਰੇਚਰ ਫੈਸਟੀਵਲ ’ਚ ਕੁੱਤੇ ਤੇ ਘੋੜੇ ਰਹੇ ਖਿੱਚ ਦਾ ਕੇਂਦਰ
ਇੱਥੋਂ ਦੀ ਸੁਖਨਾ ਝੀਲ ’ਤੇ ਚੱਲ ਰਹੇ ਨੌਂਵੇਂ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਰੱਖਿਆ ਮਾਹਿਰਾਂ ਵੱਲੋਂ 1965 ਦੀ ਜੰਗ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਬਾਰੇ ਚਰਚਾ ਕੀਤੀ। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਟ੍ਰਾਈਸਿਟੀ ਤੋਂ ਵੱਡੀ ਗਿਣਤੀ ਨੌਜਵਾਨ ਤੇ ਵਿਦਿਆਰਥੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਆਧੁਨਿਕ ਤਕਨੀਕ ਵਾਲੀ ਹਥਿਆਰਾ ਦੀ ਪ੍ਰਦਰਸ਼ਨੀ ਦੇਖੀ। ਇਸ ਮੌਕੇ ਫੌਜ ਦੇ ਜਵਾਨਾਂ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਬਾਰੇ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਦੇਸ਼ ਭਗਤੀ ਨਾਲ ਸਬੰਧਤ ਵੱਖ-ਵੱਖ ਫ਼ਿਲਮਾਂ ਵੀ ਦਿਖਾਈ ਗਈਆਂ ਹਨ।
ਫੈਸਟੀਵਲ ਦੇ ਦੂਜੇ ਦਿਨ ਫੌਜ ਦੇ ਜਵਾਨਾਂ ਵੱਲੋਂ ਕੁੱਤਿਆਂ ਤੇ ਘੋੜਿਆਂ ਨਾਲ ਦਿਖਾਏ ਕਰਤੱਬਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ। ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਫੌਜ ਦੇ ਛੇ ਜਵਾਨਾਂ ਵੱਲੋਂ ਛੇ ਕੁੱਤਿਆਂ ਨਾਲ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ। ਇਸ ਦੌਰਾਨ ਕੁੱਤਿਆਂ ਨੇ ਆਪਣੀ ਸੂਝ-ਬੂਝ ਦਰਸਾਉਂਦੇ ਵੱਖ-ਵੱਖ ਕਿਸਮ ਦੇ ਪ੍ਰਦਰਸ਼ਨ ਕੀਤੇ। ਫੌਜ ਦੇ ਜਵਾਨਾਂ ਨੇ ਦੱਸਿਆ ਕਿ ਹੁਣ ਕੁੱਤਿਆਂ ਵੱਲੋਂ ਵੀ ਵੱਖ-ਵੱਖ ਸਮੇਂ ’ਤੇ ਫੌਜ ਦੇ ਜਵਾਨਾਂ ਨਾਲ ਅਪਰੇਸ਼ਨਾਂ ਵਿੱਚ ਹਿੱਸਾ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਘੋੜਸਵਾਰੀ ਦੇ ਕਰਤੱਬਾਂ ਰਾਹੀਂ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਵੱਲੋਂ ਦਿਖਾਏ ਪ੍ਰਦਰਸ਼ਨ ਨੇ ਹੈਰਾਨ ਕਰ ਦਿੱਤਾ।
ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਨੌਜਵਾਨਾਂ ਨੇ ਭਾਰਤੀ ਫੌਜ ਵੱਲੋਂ ਜਾਂ ਭਾਰਤ ਵਿੱਚ ਤਿਆਰ ਕੀਤੇ ਵੱਖ-ਵੱਖ ਕਿਸਮ ਦੇ ਹਥਿਆਰਾਂ ਦੀ ਜਾਣਕਾਰੀ ਹਾਸਲ ਕੀਤੀ।
ਇਸ ਪ੍ਰਦਰਸ਼ਨੀ ਵਿੱਚ ਭਾਰਤ ਵੱਲੋਂ ਬਣਾਏ ਗਏ ਹਥਿਆਰਾਂ ਦੇ ਨਾਲ-ਨਾਲ ਦੱਖਣੀ ਅਫ਼ਰੀਕਾ ਤੇ ਰੂਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵੱਲੋਂ ਤਿਆਰ ਕੀਤੇ ਹਥਿਆਰ ਪੇਸ਼ ਕੀਤੇ ਗਏ। ਇਸ ਮੌਕੇ ਭਾਰਤੀ ਫੌਜ ਨਾਲ ਸਬੰਧਤ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਨੌਜਵਾਨਾਂ ਨੇ ਪੇਟਿੰਗ ਕੀਤੀ। ਫੈਸਟੀਵਲ ਵਿੱਚ ਰੱਖਿਆ ਮਾਹਿਰਾਂ ਵੱਲੋਂ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
