ਡੇਅਰੀ ਫਾਰਮਰਾਂ ਵੱਲੋਂ ਵਿਧਾਇਕ ਨੂੰ ਮੰਗ ਪੱਤਰ
ਨੂਰਪੁਰ ਬੇਦੀ ਖੇਤਰ ਦੇ ਡੇਅਰੀ ਫਾਰਮਰਾਂ ਅਤੇ ਪਸ਼ੂ ਪਾਲਕਾਂ ਨੇ ਅੱਜ ਸਾਂਝੇ ਤੌਰ ’ਤੇ ਇਕੱਠ ਕਰਕੇ ਆਪਣੀਆਂ ਸਮੱਸਿਆਵਾਂ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਦੁੱਧ ਉਤਪਾਦਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਵੈਟਰਨਰੀ ਲੈਬ ਦੀ ਸਹੂਲਤ ਨਾ ਹੋਣ ਕਾਰਨ ਪਸ਼ੂਆਂ ਦੇ ਬਲੱਡ ਸੈਂਪਲ ਟੈਸਟ ਲਈ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਵੇਰਕਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਰੋਕਿਆ ਗਿਆ ਬੋਨਸ ਹਾਲੇ ਤੱਕ ਜਾਰੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੇਰਕਾ ਵੱਲੋਂ ਦਿੱਤੀ ਜਾਣ ਵਾਲੀਆਂ ਦਵਾਈਆਂ ਦੀ ਸਬਸਿਡੀ ਘਟਾਉਣ ਕਾਰਨ ਉਨ੍ਹਾਂ ਦੇ ਖਰਚੇ ਵਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਸਹੂਲਤ ਮੁੜ ਪਹਿਲਾਂ ਵਾਂਗ ਪੂਰੀ ਕੀਤੀ ਜਾਵੇ। ਇਸ ਮੌਕੇ ਡੇਅਰੀ ਫਾਰਮਰਾਂ ਨੇ ਹੋਰਨਾਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਡੇਅਰੀ ਫਾਰਮਰਾਂ ਨੂੰ ਭਰੋਸਾ ਦਿੱਤਾ ਕਿ ਮੰਗਾਂ ਨੂੰ ਜਲਦ ਹੀ ਉਚਿਤ ਪੱਧਰ ’ਤੇ ਉਠਾ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਡੇਅਰੀ ਫਾਰਮਰ ਤੇ ਕਿਸਾਨ ਆਗੂ ਰੁਪਿੰਦਰ ਸਿੰਘ ਸੰਦੋਆ, ਨਿਰਮਲ ਸਿੰਘ ਸੰਦੋਆ, ਗੁਰਪ੍ਰੀਤ ਸਿੰਘ ਬੜਵਾ, ਪਰਮਜੀਤ ਸਿੰਘ ਬਾਹਮਣ ਮਾਜਰਾ, ਬੌਬੀ ਬੜੀਵਾਲ, ਅਜੈਬ ਸਿੰਘ ਗਨੂਰਾ, ਸੁਖਵਿੰਦਰ ਸਿੰਘ ਬੜਵਾ ਹਾਜ਼ਰ ਸਨ।