ਮਾਤਾ ਸੱਤਿਆ ਦੇਵੀ ਹੋਮ ’ਚ ਦੀਵਾਲੀ ਮਨਾਈ
ਚੰਡੀਗੜ੍ਹ ’ਵਰਸਿਟੀ ਦੇ ਅਧਿਕਾਰੀਆਂ ਵੱਲੋਂ ਇੱਥੇ ਮਾਤਾ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਵਿੱਚ ਦੀਵਾਲੀ ਮਨਾਈ ਗਈ। ਇਹ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਦੀ ਡਾਇਰੈਕਟਰ ਪ੍ਰੋ. (ਡਾ.) ਮਨੀਸ਼ਾ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ, ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ 45 ਵਿਦਿਆਰਥੀਆਂ ਦੇ ਸਮੂਹ ਨੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬਜ਼ੁਰਗਾਂ ਨਾਲ ਮਿਲ ਕੇ ਦੀਵਾਲੀ ਮਨਾਈ। ਹੋਮ ਦੇ ਚੇਅਰਮੈਨ ਪ੍ਰੋ. ਆਰ ਸੀ ਢੰਡ ਤੇ ਐਗਜ਼ੀਕਿਊਟਿਵ ਮੈਂਬਰਾਂ ਕੈਪਟਨ ਹਰਪਾਲ ਸਿੰਘ ਸੰਧੂਆਂ, ਡਾ. ਰਾਜਪਾਲ ਸਿੰਘ ਚੌਧਰੀ, ਡਾ. ਸੁਦੇਸ਼ ਸ਼ਰਮਾ, ਅਮਰਜੀਤ ਸਿੰਘ ਮਾਵੀ ਅਤੇ ਮੈਨੇਜਰ ਆਸ਼ਾ ਰਾਣੀ ਸਮੇਤ ਸਟਾਫ ਮੈਂਬਰਾਂ ਨੇ ਟੀਮ ਦਾ ਸਵਾਗਤ ਕੀਤਾ।
ਏਂਜਲਸ ਵਰਲਡ ਸਕੂਲ ’ਚ ਦੀਵਾਲੀ ਮੇਲਾ
ਮੋਰਿੰਡਾ: ਏਂਜਲਸ ਵਰਲਡ ਸਕੂਲ, ਮੋਰਿੰਡਾ ਵਿੱਚ ਏਂਜਲਾਈਟਸ ਕਾਮਰਸ ਕਲੱਬ ਵੱਲੋਂ ਦੀਵਾਲੀ ਮੇਲਾ ਕਰਵਾਇਆ ਗਿਆ। ਸਕੂਲ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਤੇ ਉਨ੍ਹਾਂ ਮਾਪਿਆਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਆਸ਼ਿਸ਼ ਛਾਬੜਾ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਕੂਲ ਡਾਇਰੈਕਟਰ ਯੂ ਐੱਸ ਢਿੱਲੋਂ, ਪ੍ਰਿੰਸੀਪਲ ਦੀਪਿਕਾ ਸ਼ਰਮਾ, ਸੀਨੀਅਰ ਕੋਆਰਡੀਨੇਟਰ ਹਿਮਾਂਸ਼ੂ ਚਾਵਲਾ, ਜੂਨੀਅਰ ਕੋਆਰਡੀਨੇਟਰ ਰਿਤੂ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਟਾਲਾਂ, ਗੇਮ ਜ਼ੋਨ, ਆਰਟ ਐਂਡ ਕ੍ਰਾਫਟ ਪ੍ਰਦਰਸ਼ਨੀਆਂ ਆਦਿ ਲਈਆਂ ਗਈਆਂ ਤੇ ਖੇਡਾਂ ’ਚ ਜੇਤੂ ਰਹਿਣ ਵਾਲੇ ਸਨਮਾਨੇ ਗਏ। -ਪੱਤਰ ਪ੍ਰੇਰਕ
ਵਿਦਿਆਰਥੀਆਂ ਨੂੰ ਦੀਵਾਲੀ ਮੇਲਾ ਦਿਖਾਇਆ
ਚੰਡੀਗੜ੍ਹ: ਮੇਰੀ ਉਡਾਣ ਵੈੱਲਫੇਅਰ ਫਾਊਂਡੇਸ਼ਨ ਚੰਡੀਗੜ੍ਹ ਨੂੰ ਸਰਕਾਰੀ ਮਾਡਲ ਸਕੂਲ ਸੈਕਟਰ-25 ਨੂੰ ਦੀਵਾਲੀ ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਮੁੱਖ ਅਧਿਆਪਕ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਮੇਲੇ ਵਿੱਚ ਹਿੱਸਾ ਲਿਆ। ਰਾਜਿੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੇਰੀ ਉਡਾਣ ਵੈੱਲਫੇਅਰ ਫਾਊਂਡੇਸ਼ਨ ਸਕੂਲ ਦੀ ਨਿਰੰਤਰ ਸੁਧਾਰ ਪ੍ਰਕਿਰਿਆ ਵਿੱਚ ਹਿੱਸਾ ਲਵੇਗੀ। ਐੱਨ ਜੀ ਓ ਦੀ ਸੰਸਥਾਪਕ ਪ੍ਰਧਾਨ ਮੋਨਾ ਘਾਰੂ ਨੇ ਮੇਰੀ ਉਡਾਣ ਦੀ ਟੀਮ ਨਾਲ ਸਕੂਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। -ਟ੍ਰਿਬਿਊਨ ਨਿਊਜ਼ ਸਰਵਿਸ
ਕੇ ਡੀ ਸ਼ਰਮਾ ਦੀ ਯਾਦ ’ਚ ਬੂਟੇ ਲਾਏ
ਪੰਚਕੂਲਾ: ਮਰਹੂਮ ਕੇ ਡੀ ਸ਼ਰਮਾ ਦੇ ਜਨਮ ਦਿਨ ਦੇ ਸਬੰਧ ’ਚ 20ਵਾਂ ਕੇ ਡੀ ਸ਼ਰਮਾ ਮੈਮੋਰੀਅਲ ਸਕਾਲਰਸ਼ਿਪ ਐਵਾਰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪਹਿਲੇ ਅਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਸਰਟੀਫਿਕੇਟ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ ਗਿਆ। ਬੁਲਾਰਿਆਂ ਨੇ ਮਰਹੂਮ ਸ਼ਰਮਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ’ਚ ਸਾਰਿਆਂ ਨੇ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਕੇ ਡੀ ਸ਼ਰਮਾ ਦੇ ਪਰਿਵਾਰ ਨੇ ਬੂਟੇ ਵੀ ਲਾਏ। ਸਮਾਰੋਹ ਵਿੱਚ ਸਕੂਲ ਦੇ ਅਧਿਆਪਕ, ਪ੍ਰਿੰਸੀਪਲ ਤੇ ਬੱਚੇ ਵੀ ਮੌਜੂਦ ਸਨ। -ਪੱਤਰ ਪ੍ਰੇਰਕ
ਹੈਰੀਟੇਜ ਸਕੂਲ ਲੇਹਲਾਂ ’ਚ ਰੰਗੋਲੀ ਮੁਕਾਬਲੇ
ਬਨੂੜ: ਹੈਰੀਟੇਜ ਪਬਲਿਕ ਸਕੂਲ ਲੇਹਲਾਂ ਵਿੱਚ ਸੀ ਬੀ ਐੱਸ ਈ ਸਹੋਦਿਆ ਸਕੂਲਾਂ ਦੇ ਅੰਤਰ-ਸਕੂਲ ਰੰਗੋਲੀ ਮੁਕਾਬਲੇ ਕਰਾਏ ਗਏ। ਇਨ੍ਹਾਂ ਵਿਚ ਨੌਂ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਮਾਰਟ ਮਾਈਂਡ ਪਬਲਿਕ ਸਕੂਲ ਰਾਜਪੁਰਾ ਪਹਿਲੇ, ਸਪਤ ਸ੍ਰਿੰਗ ਪਬਲਿਕ ਸਕੂਲ ਰਾਜਪੁਰਾ ਨੇ ਦੂਜਾ ਅਤੇ ਐੱਸ ਡੀ ਪਬਲਿਕ ਸਕੂਲ ਲੇਹਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਹੈਰੀਟੇਜ ਸਕੂਲ ਦੀ ਡਾਇਰੈਕਟਰ ਅਮਰਜੀਤ ਕੌਰ ਬਾਸੀ ਅਤੇ ਪ੍ਰਿੰਸੀਪਲ ਸੀਮਾ ਸਕਸੈਨਾ ਨੇ ਸਰਟੀਫਿਕੇਟ ਅਤੇ ਇਨਾਮ ਵੰਡੇ। ਇਸ ਮੌਕੇ ਹੈਰੀਟੇਜ ਸਕੂਲ ਵਿਚ ਦੀਵਾਲੀ ਵੀ ਮਨਾਈ ਗਈ। -ਪੱਤਰ ਪ੍ਰੇਰਕ
ਸਕੂਲੀ ਬੱਚਿਆਂ ਨੇ ਰੰਗੋਲੀ ਬਣਾਈ
ਪੰਚਕੂਲਾ: ਇੱਥੇ ਸੈਕਟਰ-12 ਦੇ ਭਾਰਤ ਸਕੂਲ ਵੱਲੋਂ ਦੀਵਾਲੀ ਮੇਲਾ ਲਗਾਇਆ ਗਿਆ। ਇਸੇ ਤਰ੍ਹਾਂ ਖਾਣ-ਪੀਣ ਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਗਏ। ਸਕੂਲ ਪ੍ਰਿੰਸੀਪਲ-ਕਮ ਡਾਇਰੈਕਟਰ ਗੀਤਿਕਾ ਸੇਠੀ ਨੇ ਮੇਲੇ ਦਾ ਉਦਘਾਟਨ ਕਿਤਾ। ਸਕੂਲ ਕੈਂਪਸ ਵਿੱਚ ਬੱਚਿਆਂ ਨੇ ਰੰਗੋਲੀ ਬਣਾਈ। ਇਸ ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ। -ਪੱਤਰ ਪ੍ਰੇਰਕ
ਨਟਰਾਜਨ ਕੌਸ਼ਲ ਨਮਿਤ ਸ਼ਰਧਾਂਜਲੀ ਸਮਾਗਮ 22 ਨੂੰ
ਖਰੜ: ਖਰੜ ਦੇ ਪ੍ਰਸਿੱਧ ਵਕੀਲ ਨਟਰਾਜਨ ਕੌਸ਼ਲ 12 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਰਸਮ ਪੱਗੜੀ 22 ਅਕਤੂਬਰ ਨੂੰ ਡਿਵਾਈਨ ਰਿਜ਼ੌਰਟ ਕੁਰਾਲੀ-ਮੋਰਿੰਡਾ ਰੋਡ ਕੁਰਾਲੀ ਵਿੱਚ ਹੋਵੇਗੀ। ਇਸ ਸਬੰਧੀ ਜਤਿੰਦਰ ਗੁਪਤਾ ਰਿੰਕੂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। -ਪੱਤਰ ਪ੍ਰੇਰਕ