ਸੋਸ਼ਲ ਮੀਡੀਆ ’ਤੇ ਬੋਲਣ ਵਾਲੇ ਬਜ਼ੁਰਗ ਦੇ ਹੱਕ ਵਿੱਚ ਡਟੀ ਜ਼ਿਲ੍ਹਾ ਕਾਂਗਰਸ
ਜੀਤੀ ਪਡਿਆਲਾ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
Advertisement
ਹਲਕੇ ਦੀਆਂ ਸੜਕਾਂ ਦੀ ਖਸਤਾ ਹਾਲਤ ਸਬੰਧੀ ਸੋਸ਼ਲ ਮੀਡੀਆ ’ਤੇ ਬਿਆਨ ਦੇਣ ਵਾਲੇ ਬਜ਼ੁਰਗ ਦੇ ਪਰਿਵਾਰ ਨੂੰ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਤਿਊੜ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਵਾਸੀਆਂ ਵਿੱਚ ਪਾਏ ਜਾ ਰਹੇ ਰੋਸ ਕਾਰਨ ਸਰਕਾਰ ਦੀ ਨਿਖੇਧੀ ਕੀਤੀ ਅਤੇ ਪਿੰਡ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਦੇ ਬਜ਼ੁਰਗ ਪਰਮਜੀਤ ਸਿੰਘ ਨੇ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਅਤੇ ਹਲਕੇ ਨੂੰ ਅਣਦੇਖਿਆ ਕਰਨ ਦਾ ਮਸਲਾ ਸੋਸ਼ਲ ਮੀਡੀਆ ਉੱਤੇ ਉਭਾਰਿਆ ਸੀ। ਇਸ ਤੋਂ ਬਾਅਦ ਪੁਲੀਸ ਬਜ਼ੁਰਗ ਦੇ ਘਰ ਪਹੁੰਚ ਗਈ ਅਤੇ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਜਿਸ ਕਾਰਨ ਪੁਲੀਸ ਨੂੰ ਪਰਤਣਾ ਪਿਆ।
ਪ੍ਰਸ਼ਾਸਨ ਤੇ ਸਰਕਾਰ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕਰਦਿਆਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਲੋਕ ਮਸਲਿਆਂ ਨੂੰ ਉਭਾਰਨਾ ਹਰ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਲੋਕਾਂ ਦੀ ਅਵਾਜ਼ ਬੰਦ ਕਰਨੀ ਲੋਕਤੰਤਰ ਦਾ ਗਲ਼ਾ ਘੁੱਟਣ ਵਾਲੀ ਗੱਲ ਹੈ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਤਿਊੜ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜ੍ਹੀ ਹੈ ਅਤੇ ਲੋਕ ਅਵਾਜ਼ ਬੰਦ ਕਰਨ ਵਾਲਿਆਂ ਖ਼ਿਲਾਫ਼ ਡਟ ਕੇ ਲੜੇਗੀ।
Advertisement
Advertisement