ਮੁਰੂਗਨ ਨਾਲ ਐੱਸ ਡੀ ਆਰ ਐੱਫ ਤੇ ਪਾਣੀ ਦੇ ਮੁੱਦੇ ’ਤੇ ਚਰਚਾ
ਅੱਜ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਕੇਂਦਰੀ ਮੰਤਰੀ ਡਾ. ਐਲ ਮੁਰੂਗਨ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਐੱਸ ਡੀ ਆਰ ਐੱਫ ਅਤੇ ਪਾਣੀ ਦੇ ਮੁੱਦੇ ’ਤੇ ਗੱਲਬਾਤ ਕੀਤੀ। ਸ੍ਰੀ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੜ੍ਹਾਂ ਜਾਂ ਕੁਦਰਤੀ ਆਫਤਾਂ ਸਮੇਂ ਤੈਅ ਕੀਤੇ ਮੁਆਵਜ਼ੇ ਦੇ ਰੇਟ ਜ਼ਮੀਨੀ ਹਕੀਕਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਉਨ੍ਹਾਂ ਸੜਕਾਂ ਦੀ ਮੁਰੰਮਤ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਐੱਸ ਡੀ ਆਰ ਐੱਫ ਰਾਹੀਂ ਕੇਂਦਰ ਸਰਕਾਰ ਵੱਲੋਂ 60 ਹਜ਼ਾਰ ਰੁਪਏ ਇੱਕ ਕਿਲੋਮੀਟਰ ਸੜਕ ਲਈ ਦਿੱਤੇ ਜਾਂਦੇ ਹਨ, ਜਿਸ ਨਾਲ ਅਜੋਕੇ ਸਮੇਂ ਅੰਦਰ ਕੰਮ ਹੋਣਾ ਅਤਿ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਿਰਫ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਦਾ ਹੈ ਤੇ ਮੱਝ ਮਰਨ ਦੀ ਸੂਰਤ ਵਿੱਚ ਸਿਰਫ 17000 ਰੁਪਏ ਮੁਆਵਜ਼ਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜ਼ਮੀਨੀ ਹਕੀਕਤਾਂ ਅਨੁਸਾਰ ਮੁਆਵਜ਼ੇ ਦੇ ਰੇਟ ਤੈਅ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕੇਂਦਰੀ ਵਜ਼ੀਰ ਅੱਗੇ ਇਹ ਵੀ ਮੰਗ ਰੱਖੀ ਕਿ ਰੋਪੜ ਦੇ ਰਿਪੇਰੀਅਨ ਇਲਾਕਿਆਂ ਨੂੰ ਸਿੰਜਾਈ ਲਈ ਯਕੀਨੀ ਤੌਰ ’ਤੇ ਪਾਣੀ ਦੀ ਉਪਲਬਧਤਾ ਕਰਵਾਈ ਜਾਵੇ। ਵਿਧਾਇਕ ਦੀਆਂ ਗੱਲਾਂ ਅਤੇ ਜ਼ਰੂਰੀ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਕੇਂਦਰੀ ਵਜ਼ੀਰ ਡਾ. ਐੱਲ ਮੁਰੂਗਨ ਨੇ ਭਰੋਸਾ ਦਿਵਾਇਆ ਕਿ ਇਹ ਸਾਰੇ ਮੁੱਦੇ ਕੇਂਦਰ ਸਰਕਾਰ ਤੱਕ ਪਹੁੰਚਾਏ ਜਾਣਗੇ ਅਤੇ ਰਾਹਤ ਸਕੀਮਾਂ ’ਚ ਜ਼ਰੂਰੀ ਸੁਧਾਰ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਤੇ ਹੋਰ ਅਧਿਕਾਰੀ ਹਾਜ਼ਰ ਸਨ।