ਉਪ ਬੋਲੀਆਂ ਦੀ ਸਥਿਤੀ ਤੇ ਸੰਭਾਲ ਬਾਰੇ ਚਰਚਾ
ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਭਵਨ ਵਿਖੇ ‘ਪੰਜਾਬ ਦੀਆਂ ਉਪ ਬੋਲੀਆਂ: ਸਥਿਤੀ ਅਤੇ ਸੰਭਾਲ’ ਬਾਰੇ ਵਿਚਾਰ ਚਰਚਾ ਕਰਵਾਈ ਗਈ। ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਵਿੱਸਰ ਰਹੀਆਂ ਉਪ ਬੋਲੀਆਂ ਬਾਰੇ ਗੱਲ ਕਰਨੀ ਸਾਹਿਤਕ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ। ਗੁਰਨਾਮ ਕੰਵਰ ਨੇ ਇਸ ਸਮਾਗਮ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਮਾਹਿਰ ਸ਼ਖ਼ਸੀਅਤਾਂ ਦੇ ਵਿਚਾਰ ਸੁਣਨੇ ਸਮਾਗਮ ਦਾ ਹਾਸਿਲ ਹੁੰਦਾ ਹੈ।
ਡਾ. ਗੁਰਮੀਤ ਸਿੰਘ ਬੈਦਵਾਣ ਨੇ ਆਖਿਆ ਕਿ ਬੋਲੀ ਸਾਡੀ ਬੁਨਿਆਦ ਹੁੰਦੀ ਹੈ। ਪੁਆਧੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ’ਚ ਪੁਆਧੀ ਨਾਲ ਇਨਸਾਫ਼ ਨਹੀਂ ਹੋਇਆ। ਗਾਇਕਾ ਮੋਹਿਨੀ ਤੂਰ ਨੇ ਆਪਣੀ ਕਵਿਤਾ ਰਾਹੀਂ ਪੁਆਧ ਦੀ ਬੁਨਿਆਦ ਦੀ ਗੱਲ ਤੋਰੀ। ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਸਾਡੀਆਂ ਜੜ੍ਹਾਂ ਉਪ ਬੋਲੀਆਂ ਬਚਣਗੀਆਂ ਤਾਂ ਹੀ ਭਾਸ਼ਾ ਬਚੇਗੀ।
ਦਲਵਿੰਦਰ ਗੁਰਲੀਨ ਤੇ ਰਜਨੀ ਗਾਂਧੀ ਦੇ ਗਾਏ ਗੀਤ ਸਲਾਹੇ ਗਏ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਭਾਸ਼ਾ ਵਹਿੰਦੀ ਨਦੀ ਹੁੰਦੀ। ਖਿੱਤਾ ਉੱਜੜਨ ਨਾਲ ਬੋਲੀ ਤੇ ਸ਼ਬਦ ਉੱਜੜ ਜਾਂਦੇ ਹਨ। ਡਾ. ਜੋਗਾ ਸਿੰਘ ਨੇ ਕਿਹਾ ਕਿ ਗਿਆਨ ਸੰਵੇਦਨਾ ਨਾਲ ਹਾਸਲ ਹੁੰਦਾ ਹੈ। ਲੋਕ ਬੋਲੀ ਪ੍ਰਤੀ ਸੰਜੀਦਗੀ ਅਤੇ ਚੇਤਨਾ ਸਿਰਜਣਾਤਮਕ ਰੋਲ ਅਦਾ ਕਰਦੀ ਹੈ। ਮਨਜੀਤ ਕੌਰ ਮੀਤ ਦੇ ਸਨਮਾਨ ਤੋਂ ਇਲਾਵਾ ਵਿੰਦਰ ਮਾਝੀ ਦੀ ਸੁਨੀਲ ਡੋਗਰਾ ਵੱਲੋਂ ਗਾਈ ਰਚਨਾ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਪਹਿਲਾਂ ਵਾਲਾ ਰੁਤਬਾ ਬਹਾਲ ਕਰਨ ਲਈ ਸਰਕਾਰੀ ਅਪੀਲ ਦਾ ਮਤਾ ਵੀ ਸਭਾ ਵੱਲੋਂ ਪਾਸ ਕੀਤਾ ਗਿਆ। ਡਾ. ਗੁਰਮੇਲ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਡਾ. ਦਵਿੰਦਰ ਸਿੰਘ ਬੋਹਾ, ਡਾ. ਸੁਰਿੰਦਰ ਗਿੱਲ, ਸੁਰਜੀਤ ਸੁਮਨ, ਪਾਲ ਅਜਨਬੀ ਤੇ ਬਾਬੂ ਰਾਮ ਦੀਵਾਨਾ ਮੌਜੂਦ ਸਨ।