ਬੱਸ ਕਾਮਿਆਂ ਦੀ ਹੜਤਾਲ ਕਰਕੇ ਖੁਆਰ ਹੋਏ ਲੋਕ
ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਦੇ ਸੱਦੇ ’ਤੇ ਅੱਜ ਚੰਡੀਗੜ੍ਹ ਵਿੱਚ ਵੀ ਬੱਸ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ। ਇਸ ਕਾਰਨ ਬੱਸ ਅੱਡਿਆਂ ਵਿੱਚ ਜਾਣ ਦੀ ਥਾਂ ਬੱਸਾਂ ਵਰਕਸ਼ਾਪ ਵਿੱਚ ਖੜ੍ਹੀਆਂ ਰੱਖੀਆਂ ਗਈਆਂ।
ਹਾਲਾਂਕਿ ਚੰਡੀਗੜ੍ਹ ਦੇ ਅੱਡਿਆਂ ਵਿੱਚ ਕੀਤੀ ਗਈ ਹੜਤਾਲ ਦੌਰਾਨ ਸਰਕਾਰ ਵੱਲੋਂ ਯੂਨੀਅਨ ਦੇ ਮੁੱਖ ਅਹੁਦੇਦਾਰਾਂ ਨੂੰ ਦਿੱਤੇ ਭਰੋਸੇ ਉਪਰੰਤ ਹੜਤਾਲ ਅਤੇ ਧਰਨੇ ਸਮਾਪਤ ਕਰ ਦਿੱਤੇ ਗਏ ਪ੍ਰੰਤੂ ਕੁਝ ਕੁ ਘੰਟਿਆਂ ਦੀ ਹੜਤਾਲ ਕਰਕੇ ਸਵਾਰੀਆਂ ਖੱਜਲ ਖੁਆਰ ਹੋਈਆਂ। ਅਦਾਲਤੀ ਕੇਸ ਹੋਣ ਕਰਕੇ ਚੰਡੀਗੜ੍ਹ ਦੇ ਅੱਡਿਆਂ ਵਿੱਚ ਧਰਨੇ ਨਹੀਂ ਦਿੱਤੇ ਗਏ ਪ੍ਰੰਤੂ ਬੱਸਾਂ ਅੱਡਿਆਂ ਵਿਚਲੇ ਕਾਊਂਟਰਾਂ ਉਤੇ ਖੜ੍ਹਨ ਦੀ ਥਾਂ ਵਰਕਸ਼ਾਪ ਦਾ ਸ਼ਿੰਗਾਰ ਬਣੀਆਂ ਰਹੀਆਂ।
ਇਸ ਮੌਕੇ ਸੂਬਾ ਆਗੂ ਰਣਜੀਤ ਬਾਵਾ, ਚੰਡੀਗੜ੍ਹ ਡਿੱਪੂ ਪ੍ਰਧਾਨ ਹਰਵਿੰਦਰ ਸਿੰਘ, ਜਨਰਲ ਸਕੱਤਰ ਚਮਕੌਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਕੁਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਭਾਗ ਦੇ ਬੇੜੇ ਵਿੱਚ ਬੱਸਾਂ ਪਾਉਣ ਦੀ ਮਨਜ਼ੂਰੀ ਤੋਂ ਭੱਜ ਰਹੀ ਹੈ ਜਿਸ ਤੋਂ ਇਹ ਜਾਪਦਾ ਹੈ ਕਿ ਸਰਕਾਰ ਨੇ ਵੀ ਕਾਰਪੋਰੇਟ ਨਾਲ ਹੱਥ ਮਿਲਾ ਲਏ ਹਨ। ਜੇ ਮੁਲਾਜ਼ਮ ਕੋਈ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣੀ ਪਹਿਲਾਂ ਤੋਂ ਚੱਲ ਰਹੀ ਪ੍ਰਕਿਰਿਆ ਵਿੱਚ 31 ਅਕਤੂਬਰ ਨੂੰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹੇ ਤਾਂ ਯੂਨੀਅਨ ਦੇ ਸੱਦੇ ਮੁਤਾਬਕ 31 ਅਕਤੂਬਰ ਨੂੰ ਦਿੱਤੇ ਪ੍ਰੋਗਰਾਮ ਲਾਗੂ ਕੀਤੇ ਜਾਣਗੇ।
ਚੰਡੀਗੜ੍ਹ ਡਿੱਪੂ ਦੀ ਵੱਖਰੀ ਸਮੱਸਿਆ
ਡਿੱਪੂ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਪੀ.ਆਰ.ਟੀ.ਸੀ. ਚੰਡੀਗੜ੍ਹ ਡਿੱਪੂ ਪੰਜਾਬ ਦਾ ਇਕਲੌਤਾ ਅਜਿਹਾ ਡਿੱਪੂ ਹੈ ਜਿਸ ਵਿੱਚ ਵਰਕਸ਼ਾਪ ਵਿੱਚੋਂ ਬੱਸ ਕੱਢ ਕੇ ਇੱਕ ਪਾਸੇ ਲਗਪਗ 7 ਕਿਲੋਮੀਟਰ ਸਫ਼ਰ ਤੈਅ ਕਰਕੇ ਡਰਾਈਵਰ ਕੰਡਕਟਰ ਨੂੰ ਡਿਊਟੀ ਸਟਾਰਟ ਕਰਨ ਲਈ ਸੈਕਟਰ 43 ਜਾਂ 17 ਬੱਸ ਅੱਡੇ ਵਿੱਚ ਕਾਊਂਟਰ ਲਾਉਣ ਲਈ ਲਿਜਾਇਆ ਜਾਂਦਾ ਹੈ। ਡਿਊਟੀ ਖ਼ਤਮ ਕਰਕੇ ਫਿਰ ਉਹੀ ਕਰੀਬ 7 ਕਿਲੋਮੀਟਰ ਪੈਂਡਾ ਤੈਅ ਕੀਤਾ ਜਾਂਦਾ ਹੈ ਜਿਸ ਨੂੰ ਪੀ.ਆਰ.ਟੀ.ਸੀ. ਮੈਨੇਜਮੈਂਟ ਡਿਊਟੀ ਵਿੱਚ ਸ਼ਾਮਲ ਨਹੀਂ ਕਰਦੀ ਜੋ ਕਿ ਕਾਮਿਆਂ ਦਾ ਸ਼ਰ੍ਹੇਆਮ ਸ਼ੋਸ਼ਣ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਡਿੱਪੂ ਦੇ ਡਰਾਈਵਰ ਕੰਡਕਟਰ ਦੇ ਇਸ ਟਾਈਮ ਨੂੰ ਵੀ ਡਿਊਟੀ ਵਿੱਚ ਗਿਣਿਆ ਜਾਵੇ।
