ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫਤਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 14 ਦਿਨਾ ਨਿਆਂਇਕ ਰਿਮਾਂਡ ’ਚ ਭੇਜਿਆ
DIG Harcharan Singh Bhullar: ਸੀਬੀਆਈ ਵੱਲੋਂ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਪੰਜਾਬ ਪੁਲੀਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਮੈਡੀਕਲ ਜਾਂਚ ਮਗਰੋਂ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਬੀਆਈ ਕੋਰਟ ਨੇ ਕੇਂਦਰੀ ਏਜੰਸੀ ਨੂੰ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਦੇ ਦਿੱਤਾ ਹੈ।
ਸੀਬੀਆਈ ਨੇ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ’ਤੇ ਵੀਰਵਾਰ ਨੂੰ ਛਾਪਾ ਮਾਰਿਆ ਤੇ ਉਥੋਂ ਕਰੀਬ 5 ਕਰੋੜ ਰੁਪਏ ਦੀ ਨਕਦੀ ਅਤੇ ਡੇਢ ਕਿਲੋ ਸੋਨਾ ਜ਼ਬਤ ਕੀਤਾ। ਟੀਮ ਨੂੰ ਬੀਐਮਡਬਲਿਊ ਅਤੇ ਔਡੀ ਕਾਰਾਂ ਦੀਆਂ ਚਾਬੀਆਂ, ਪੰਜਾਬ ਵਿੱਚ ਕਈ ਜਾਇਦਾਦਾਂ ਦੇ ਦਸਤਾਵੇਜ਼, ਸਮਰਾਲਾ ਵਿੱਚ ਇੱਕ ਫਾਰਮ ਹਾਊਸ, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਇੱਕ ਡਬਲ-ਬੈਰਲ ਬੰਦੂਕ, ਪਿਸਤੌਲ, ਰਿਵਾਲਵਰ, ਏਅਰਗੰਨ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਵੀ ਮਿਲਿਆ।
ਸੀਬੀਆਈ ਨੇ ਡੀਆਈਜੀ ਭੁੱਲਰ ਨੂੰ ਮੁਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਭੁੱਲਰ ਨੇ ਐਫਆਈਆਰ ਦਾ ਨਿਪਟਾਰਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਕਥਿਤ ਤੌਰ ’ਤੇ ਇਕ ਦਲਾਲ ਕ੍ਰਿਸ਼ਨੂ ਰਾਹੀਂ ਮੰਗੀ ਗਈ ਸੀ, ਜਿਸ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਛਾਪੇਮਾਰੀ ਦੌਰਾਨ, ਸੀਬੀਆਈ ਨੂੰ ਮਿਲੀ ਵੱਡੀ ਮਾਤਰਾ ਵਿੱਚ ਨਕਦੀ ਦਾ ਪਤਾ ਲਗਾਉਣ ਲਈ ਨੋਟ ਗਿਣਨ ਵਾਲੀਆਂ ਤਿੰਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਏਜੰਸੀ ਨੇ ਕ੍ਰਿਸ਼ਨੂ ਤੋਂ 21 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਅਧਿਕਾਰੀਆਂ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਐੱਫਆਈਆਰ ਅਨੁਸਾਰ, ਡੀਆਈਜੀ ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਮ ’ਤੇ ਕਾਰੋਬਾਰੀ ਨੂੰ ਮਹੀਨਾਵਾਰ ਭੁਗਤਾਨ ਕਰਨ ਲਈ ਕਿਹਾ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੱਤੀ। ਸ਼ਿਕਾਇਤ ਵਿੱਚ 11 ਅਕਤੂਬਰ ਨੂੰ ਸੈਕਟਰ 9ਡੀ ਮਾਰਕੀਟ, ਚੰਡੀਗੜ੍ਹ ਤੋਂ ਇੱਕ ਵਟਸਐਪ ਕਾਲ ਦੀ ਰਿਕਾਰਡਿੰਗ ਵੀ ਸ਼ਾਮਲ ਹੈ, ਜਿਸ ਵਿੱਚ ਭੁੱਲਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘8 ਫੜਨੇ ਨੇ 8... ਚੱਲ ਜਿੰਨਾ ਦਿੰਦੈ ਨਾਲ ਨਾਲ ਫੜੀ ਚੱਲ, ਓਹਨੂ ਕਹਿਦੇ 8 ਕਰ ਦੇ ਪੂਰਾ।’’
ਭੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਨਵੰਬਰ 2024 ਵਿੱਚ ਰੂਪਨਗਰ ਰੇਂਜ ਦੇ ਡੀਆਈਜੀ ਵਜੋਂ ਤਾਇਨਾਤ ਸਨ। ਉਹ ਪੰਜਾਬ ਦੇ ਸਾਬਕਾ ਡੀਜੀਪੀ ਐਮ.ਐਸ. ਭੁੱਲਰ ਦੇ ਪੁੱਤਰ ਹਨ। ਆਪਣੇ ਕਰੀਅਰ ਦੌਰਾਨ, ਉਹ ਪਟਿਆਲਾ ਰੇਂਜ ਦੇ ਡੀਆਈਜੀ, ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਅਤੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਵਜੋਂ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਨੇ 2021 ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਡਰੱਗ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕੀਤੀ ਸੀ ਅਤੇ ਸੂਬਾ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਸੀ।