ਪੰਜਾਬੀ ਸਾਹਿਤ ਨੂੰ ਚੁਣੌਤੀਆਂ ਬਾਰੇ ਸੰਵਾਦ
ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿੱਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ ਬੀ. ਸੀ. ਕੈਨੇਡਾ ਦੇ ਸੰਸਥਾਪਕ ਭੁਪਿੰਦਰ ਮੱਲ੍ਹੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੰਵਾਦ ਵਿੱਚ ਹਿੱਸਾ ਲਿਆ। ਸਵਾਗਤੀ ਸ਼ਬਦਾਂ ਵਿਚ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਸਾਹਿਤਕ ਜਥੇਬੰਦੀਆਂ ਇਸ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀਆਂ ਹਨ। ਡਾ. ਨਿਰਦੋਸ਼ ਕੌਰ ਗਿੱਲ ਨੇ ਭੁਪਿੰਦਰ ਮੱਲ੍ਹੀ ਬਾਰੇ ਜਾਣ ਪਛਾਣ ਕਰਵਾਈ। ਭੁਪਿੰਦਰ ਮੱਲ੍ਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਂਝ ਸਾਡਾ ਸੁਭਾਅ ਹੈ ਅਤੇ ਅਸੀਂ ਸਮਝ ਸਮਾਜ ਤੋਂ ਹੀ ਲੈਣੀ ਹੁੰਦੀ ਹੈ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅਜਿਹੀਆਂ ਸਾਰਥਕ ਚਰਚਾਵਾਂ ਹੀ ਸਾਡੇ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।ਮੁੱਖ ਮਹਿਮਾਨ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਗਿਆਨ ਦਾ ਮੁੱਢਲਾ ਮੰਤਰ ਇਹ ਹੀ ਹੈ ਕਿ ਸਿੱਖਣਾ ਕਦੇ ਨਾ ਛੱਡਿਆ ਜਾਵੇ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਭੁਪਿੰਦਰ ਮੱਲ੍ਹੀ ਵਰਗੀਆਂ ਸ਼ਖ਼ਸੀਅਤਾਂ ਨੇ ਜੋ ਬੀੜਾ ਚੁੱਕਿਆ ਹੈ ਉਹ ਉਮੀਦ ਦਾ ਭਰਿਆ ਹੈ। ਸੁਰਜੀਤ ਸਿੰਘ ਧੀਰ ਨੇ ਬਾਬਾ ਨਜਮੀ ਦੀ ਇਕ ਰਚਨਾ ਗਾ ਕੇ ਸੁਣਾਈ।