ਪਾਬੰਦੀ ਦੇ ਬਾਵਜੂਦ ਭੰਗਲਾ ਸੜਕ ’ਤੇ ਟਿੱਪਰਾਂ ਦੀ ਆਵਾਜਾਈ ਬਰਕਰਾਰ
ਕਾਹਨਪੁਰ ਖੂਹੀ ਤੋਂ ਭੰਗਲਾਂ ਜਾਣ ਵਾਲੀ ਸੜਕ ’ਤੇ ਭਾਰੇ ਵਾਹਨਾਂ ਸਣੇ ਟਿੱਪਰਾਂ ਦੀ ਆਵਾਜਾਈ ’ਤੇ ਪਾਬੰਦੀ ਦਾ ਬਾਵਜੂਦ ਇਨ੍ਹਾਂ ਵਾਹਨਾਂ ਦੀ ਆਵਾਜਾਈ ਨਿਰਵਿਘਨ ਜਾਰੀ ਹੈ। ਦੱਸਣਯੋਗ ਹੈ ਕਿ ਪਿੰਡ ਪਲਾਟਾ, ਸਪਾਲਮਾ, ਸਮੁੰਦੜੀਆਂ, ਖੇੜਾ ਕਲਮੋਟ, ਮਹਿੰਦਪੁਰ ਭੰਗਲ ਆਦਿ ਪਿੰਡਾਂ ’ਚ ਦਰਜਨਾ ਸਟੋਨ ਕਰੱਸ਼ਰ ਲੱਗੇ ਹਨ। ਇਸ ਸੜਕ ’ਤੇ ਭਾਰੀ ਵਾਹਨਾਂ ਕਾਰਨ ਕਾਫੀ ਡੂੰਘੇ ਖੱਡੇ ਪੈ ਗਏ ਹਨ। ਭਾਰੇ ਵਹਨਾ ਦੀ ਆਵਾਜਾਈ ਨੇ ਲਾਗਲੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁਰਬਰ ਕੀਤਾ ਹੈ। ਲੋਕਾਂ ਦੀ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਰੂਪਨਗਰ ਚੰਦਰਜਯੋਤੀ ਸਿੰਘ ਵੱਲੋਂ ਸੜਕ ਦੀ ਮਾੜੀ ਹਾਲਤ ਨੂੰ ਦੇਖਦਿਆਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੈਵੀ ਵਾਹਨਾ ’ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਪਾਬੰਦੀ ਨੂੰ ਛਿੱਕੇ ਟੰਗ ਕੇ ਖਣਨ ਮਾਫੀਆ ਦੇ ਹੈਵੀ ਟਿੱਪਰਾਂ ਤੇ ਟਰਾਲਿਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ। ਸਬੰਧਤ ਪਿੰਡਾਂ ਦੇ ਲੋਕਾਂ ਦਾ ਇੱਕ ਇਕੱਠ ਬਲਵਿੰਦਰ ਸਿੰਘ ਸਮੁੰਦੜੀਆਂ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਸਰਪੰਚ ਫਕੀਰ ਚੰਦ, ਪੰਚ ਜੋਗਿੰਦਰ ਸਿੰਘ, ਜਾਗਰ ਸਿੰਘ, ਸੁਰਜੀਤ ਸਿੰਘ, ਫੁੰਮਣ ਸਿੰਘ, ਜਸਵੰਤ ਸਿੰਘ, ਸੂਬੇਦਾਰ ਬਲਵੀਰ ਸਿੰਘ, ਸੁਰਿੰਦਰ ਸਿੰਘ, ਨੋਨੂ, ਦਿਲਵਾਰਾ ਸਿੰਘ, ਭਾਗ ਸਿੰਘ, ਅਮਰਜੀਤ ਸਿੰਘ ਫੌਜੀ ਅਤੇ ਨਾਜਰ ਸਿੰਘ ਸਣੇ ਕਈ ਲੋਕ ਅਤੇ ਰਾਹਗੀਰ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੂੰ ਚਾਰ ਦਿਨ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇ 14 ਸਤੰਬਰ ਨੂੰ ਸੜਕ ਦੀ ਦੁਰਦਸ਼ਾ ਤੇ ਟਰੈਫਿਕ ਵਿਵਸਥਾ ਵਿੱਚ ਕੋਈ ਕਦਮ ਨਾ ਚੁੱਕਿਆ ਗਿਆ ਵੱਡੇ ਸੰਘਰਸ਼ ਦਾ ਐਲਾਨ ਕਰਨਗੇ।