ਦੇਸ਼ ਭਗਤ ’ਵਰਸਿਟੀ ਵੱਲੋਂ ਹੜ੍ਹ ਪੀੜਤਾਂ ਲਈ ਪੰਜ ਲੱਖ ਦਾਨ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪੰਜ ਲੱਖ ਰੁਪਏ ਦਾਨ ਵਜੋਂ ਦਿੱਤੇ ਹਨ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਜ਼ਿੰਮੇਵਾਰ ਵਿਦਿਅਕ ਸੰਸਥਾ ਹੋਣ ਦੇ ਨਾਤੇ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣਾ ਸਾਡਾ ਫਰਜ਼ ਹੈ। ਉਨ੍ਹਾਂ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਲੋੜਵੰਦਾਂ ਦੀ ਸੇਵਾ ਲਈ ਪ੍ਰੇਰਿਆ। ਯੂਨੀਵਰਸਿਟੀ ਦੀ ਪ੍ਰਬੰਧਕੀ ਟੀਮ ਕੈਂਪਸ ਡਾਇਰੈਕਟਰ ਡਾ. ਕੁਲਭੂਸ਼ਣ, ਰਜਿਸਟਰਾਰ ਡਾ. ਸੁਰਿੰਦਰ ਪਾਲ ਕਪੂਰ ਅਤੇ ਨਰਸਿੰਗ ਕਾਲਜ ਦੇ ਡਿਪਟੀ ਡਾਇਰੈਕਟਰ ਡਾ. ਪ੍ਰਭਜੋਤ ਸਿੰਘ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਯੋਗਦਾਨ ਵਜੋਂ ਇਹ ਚੈੱਕ ਐੱਸ ਡੀ ਐੱਮ ਅਮਲੋਹ ਚੇਤਨ ਬੰਗੜ ਨੂੰ ਸੌਂਪਿਆ।
ਈ ਵੀ ਐੱਮ ਕੰਸਲਟੈਂਟਸ ਦਾ ਲਾਇਸੈਂਸ ਰੱਦ
ਐੱਸ ਏ ਐੱਸ ਨਗਰ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮੈਸਰਜ਼ ਈ ਵੀ ਐੱਮ ਕੰਸਲਟੈਂਟਸ ਫੇਜ਼ 10, ਮੁਹਾਲੀ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਇਸ ਲਾਇਸੈਂਸ ਦੀ ਮਿਆਦ ਨੌਂ ਅਗਸਤ ਨੂੰ ਖ਼ਤਮ ਹੋ ਗਈ ਸੀ। -ਖੇਤਰੀ ਪ੍ਰਤੀਨਿਧ
ਲੋਕਾਂ ਦੀ ਆਵਾਜ਼ ਬਣੇਗੀ ਬਸਪਾ ਦੀ ਫਲੌਰ ਰੈਲੀ: ਛੜਬੜ
ਲਾਲੜੂ: ਬਸਪਾ ਵੱਲੋਂ ਕਾਂਸੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਨੌਂ ਅਕਤੂਬਰ ਨੂੰ ਫਲੌਰ ਵਿੱਚ ਸੂਬਾ ਪੱਧਰੀ ਮਹਾਰੈਲੀ ਕਰਵਾਈ ਜਾ ਰਹੀ ਹੈ। ਇਸ ਦੀ ਅਗਵਾਈ ਬਸਪਾ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਕਰਨਗੇ। ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਹਲਕਾ ਡੇਰਾਬਸੀ ਦੇ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਕਿਹਾ ਕਿ ‘ਤਖ਼ਤ ਬਦਲ ਦਿਓ-ਤਾਜ ਬਦਲ ਦਿਓ’ ਨਾਮ ਹੇਠ ਹੋਣ ਵਾਲੀ ਮਹਾਰੈਲੀ ਜਾਬਰ ਹਾਕਮਾਂ ਖ਼ਿਲਾਫ਼ ਲੋਕਾਂ ਦੀ ਆਵਾਜ਼ ਬਣੇਗੀ। ਉਨ੍ਹਾਂ ਦੱਸਿਆ ਕਿ ਰੈਲੀ ਦੇ ਮੁੱਖ ਮਹਿਮਾਨ ਬਸਪਾ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਹੋਣਗੇ। ਉਨ੍ਹਾਂ ਲੋਕਾਂ ਨੂੰ ਫਲੌਰ ਰੈਲੀ ’ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਮਾਸਟਰ ਸੁਰਿੰਦਰ ਸਿੰਘ, ਚਰਨਜੀਤ ਸਿੰਘ ਦੇਵੀਨਗਰ, ਹਨੀ ਸਿੰਘ ਲਾਲੜੂ , ਮਾਸਟਰ ਜਗਦੀਸ਼ ਸਿੰਘ ਲਾਲੜੂ, ਹਰਪ੍ਰੀਤ ਸਿੰਘ ਸੁੰਡਰਾ ਸਮੇਤ ਕਈ ਪਾਰਟੀ ਆਗੂ ਮੌਜੂਦ ਸਨ। -ਪੱਤਰ ਪ੍ਰੇਰਕ
ਬੇਬੀ ਕਾਨਵੈਂਟ ਸਕੂਲ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ
ਬਨੂੜ: ਬਨੂੜ ਦੇ ਬੇਬੀ ਕਾਨਵੈਂਟ ਸਕੂਲ ਵਿੱਚ ਬਾਬਾ ਫ਼ਰੀਦ ਦੇ ਆਗਮਨ ਪੁਰਬ ’ਤੇ ਪਹਿਲਾ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਇਸ ਵਿੱਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵਿਤਾਵਾਂ ਅਤੇ ਬਾਬਾ ਫ਼ਰੀਦ ਦੇ ਵਿਚਾਰ ਸਾਂਝੇ ਕੀਤੇ ਗਏ। ਸਕੂਲ ਪ੍ਰਿੰਸੀਪਲ ਸੁਬੀਨਾ ਆਨੰਦ ਨੇ ਸਕੂਲ ਦੇ ਪੰਜਾਬੀ ਵਿਭਾਗ ਅਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦਿਵਸ ’ਤੇ ਵਧਾਈ ਦਿੱਤੀ। ਉਨ੍ਹਾਂ ਪੰਜਾਬੀ ਭਾਸ਼ਾ ਪੜ੍ਹਨ, ਬੋਲਣ ਅਤੇ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਅਨੇਕਾ ਪਾਸਿਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਪੰਜਾਬੀ ਭਾਸ਼ਾ ਨੂੰ ਹੁਲਾਰਾ ਦਿੰਦੀਆਂ ਕਾਵਿ ਰਚਨਾਵਾਂ ਵੀ ਪੇਸ਼ ਕੀਤੀਆਂ। -ਪੱਤਰ ਪ੍ਰੇਰਕ
ਖੋਜ ਪਰਚਿਆਂ ’ਤੇ ਆਧਾਰਤ ਪੁਸਤਕ ਲੋਕ ਅਰਪਣ
ਫ਼ਤਹਿਗੜ੍ਹ ਸਾਹਿਬ: ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ 6ਵੇਂ ਕੌਮੀ ਇੰਟਰ-ਡਿਸਿਪਲਿਨਰੀ ਰਿਸਰਚ ਮੀਟ 2025 ਦੀ ਪ੍ਰੋਸੀਡਿੰਗਜ਼ ਪੁਸਤਕ ਲੋਕ ਅਰਪਣ ਕੀਤੀ ਗਈ। ‘ਬ੍ਰਿਜਿੰਗ ਡਿਸਿਪਲਿਨਜ਼, ਸ਼ੇਪਿੰਗ ਦਿ ਫਿਊਚਰ: ਦਿ ਪਾਵਰ ਆਫ ਕਾਲਾਬਰੇਟਿਵ ਰਿਸਰਚ’ ਸਿਰਲੇਖ ਹੇਠ ਪ੍ਰਕਾਸ਼ਿਤ ਇਹ ਪੁਸਤਕ ਵਿਚਾਰ-ਵਟਾਂਦਰੇ ਦੌਰਾਨ ਪੇਸ਼ ਰਿਸਰਚ ਪੇਪਰਾਂ ਦਾ ਪੀਅਰ-ਰੀਵਿਊ ਸੰਕਲਨ ਹੈ। ਇਸਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਪੁਸਤਕ ਦੇ ਸੰਪਾਦਨ ਦਾ ਕਾਰਜ ਪ੍ਰੋ. (ਡਾ.) ਨਵਦੀਪ ਕੌਰ ਅਤੇ ਡਾ. ਸੁਪਰੀਤ ਬਿੰਦਰਾ ਨੇ ਕੀਤਾ ਜਦੋਂਕਿ ਡਾ. ਪੰਕਜਪ੍ਰੀਤ ਸਿੰਘ ਅਤੇ ਡਾ. ਗੁਰਮਨਪ੍ਰੀਤ ਕੌਰ (ਪੀ ਟੀ) ਨੇ ਕੋ-ਐਡੀਟਰਾਂ ਵਜੋਂ ਸਹਿਯੋਗ ਦਿੱਤਾ। ਵਾਇਸ-ਚਾਂਸਲਰ ਡਾ. ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਨੇ ਪੁਸਤਕ ਦੀ ਸ਼ਾਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
ਦਸ ਲੱਖ ਦੀ ਠੱਗੀ ਦੇ ਦੋਸ਼ ਹੇਠ ਦੋ ਕਾਬੂ
ਪੰਚਕੂਲਾ: ਪੰਚਕੂਲਾ ਪੁਲੀਸ ਦੇ ਇਮੀਗ੍ਰੇਸ਼ਨ ਵਿਰੋਧੀ ਧੋਖਾਧੜੀ ਵਿਭਾਗ ਨੇ ਇੱਕ ਵਿਅਕਤੀ ਨੂੰ ਇੰਗਲੈਂਡ ਦਾ ਵਰਕ ਵੀਜ਼ਾ ਦਿਵਾਉਣ ਦੇ ਮਾਮਲੇ ਵਿੱਚ 10 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਤਪਾਲ ਸਿੰਘ ਅਤੇ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਲਿਆ ਹੈ। ਮੁਲਜ਼ਮਾਂ ਨੇ ਪੰਚਕੂਲਾ ਦੇ ਇੱਕ ਵਾਸੀ ਨਾਲ ਇੰਗਲੈਂਡ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਸੀ। ਇਸ ਸਬੰਧੀ ਰਾਏਪੁਰ ਰਾਣੀ ਥਾਣੇ ’ਚ ਕੇਸ ਦਰਜ ਹੋਇਆ ਸੀ। -ਪੱਤਰ ਪ੍ਰੇਰਕ
ਆਯੂਸ਼ ਹਸਪਤਾਲ ’ਚ ਸਿਹਤ ਜਾਂਚ ਕੈਂਪ
ਚੰਡੀਗੜ੍ਹ: ਆਯੂਸ਼ ਹਸਪਤਾਲ ਸੈਕਟਰ-34 ਵਿੱਚ 10ਵੇਂ ਆਯੁਰਵੇਦ ਦਿਵਸ ’ਤੇ ਸਿਹਤ ਕੈਂਪ ਲਗਾਇਆ ਗਿਆ। ਇਸ ਦੌਰਾਨ ਯੂਟੀ ਪ੍ਰਸ਼ਾਸਨ ਦੇ ਸਕੱਤਰ ਸਿਹਤ ਅਜੈ ਚਗਤੀ ਅਤੇ ਡਾਇਰੈਕਟਰ ਆਯੂਸ਼ ਅਖਿਲ ਕੁਮਾਰ, ਸਲਾਹਕਾਰ ਕਮੇਟੀ ਦੇ ਮੈਂਬਰ ਸੰਜੀਵ ਭਾਟੀਆ, ਸੈਕਟਰ-16 ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸਦਭਾਵਨਾ ਪੰਡਿਤ ਤੇ ਸੈਕਟਰ-34 ਦੀ ਕੌਂਸਲਰ ਪ੍ਰੇਮ ਲਤਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਸਿਹਤ ਸਕੱਤਰ ਅਜੈ ਚਗਤੀ ਨੇ ਆਯੁਰਵੈਦ ਦੇ ਲਾਭਾਂ ਬਾਰੇ ਚਾਨਣਾ ਪਾਇਆ। ਸਿਹਤ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਜਾਂਚ ਕਰਵਾਈ। -ਟ੍ਰਿਬਿਊਨ ਨਿਊਜ਼ ਸਰਵਿਸ