ਡਿਪਟੀ ਮੇਅਰ ਮਹਿਤਾ ਵੱਲੋਂ ਪ੍ਰਸ਼ਾਸਕ ਨੂੰ ਮੰਗ ਪੱਤਰ
ਮੰਗ ਪੱਤਰ ਮੁਤਾਬਕ ਪਹਿਲੀ ਮੰਗ ਵਿੱਚ ਪੁਨਰਵਾਸ ਕਲੋਨੀ/ਟੈਨਾਮੈਂਟ ਹਾਊਸਾਂ ਦੇ ਵਸਨੀਕਾਂ ਨੂੰ ਮਾਲਕੀ ਅਧਿਕਾਰ ਦੇਣ ਦੀ ਰੱਖੀ ਗਈ ਜਿਸ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸ੍ਰੀ ਮਹਿਤਾ ਨੇ ਦੱਸਿਆ ਕਿ ਸੈਕਟਰ 30 ਵਿੱਚ ਲਗਭਗ 600 ਪੁਨਰਵਾਸ/ਟੈਨਾਮੈਂਟ ਹਾਊਸ ਹਨ। ਇਹ ਘਰ ਸੰਨ 1975 ਵਿੱਚ ਅਲਾਟੀਆਂ ਨੂੰ ਮਹੀਨਾਵਾਰ ਕਿਰਾਏ ਦੇ ਆਧਾਰ ’ਤੇ ਅਲਾਟ ਕੀਤੇ ਗਏ ਸਨ। ਇਨ੍ਹਾਂ ਕਿਰਾਏ ਦੇ ਘਰਾਂ ਦੀ ਅਲਾਟਮੈਂਟ ਨੂੰ ਲਗਭਗ 50 ਸਾਲ ਬੀਤ ਚੁੱਕੇ ਹਨ। ਹੁਣ, ਇਨ੍ਹਾਂ ਘਰਾਂ ਦੇ ਵਸਨੀਕਾਂ ਦੀ ਵਧਦੀ ਮੰਗ ਦੇ ਜਵਾਬ ਵਿੱਚ ਲਗਭਗ ਅੱਧੀ ਸਦੀ ਬਾਅਦ ਵੀ ਉਨ੍ਹਾਂ ਨੂੰ ਮਾਲਕੀ ਅਧਿਕਾਰ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਵਸਨੀਕਾਂ ਨੂੰ ਘਰਾਂ ਦੇ ਮਾਲਕੀ ਅਧਿਕਾਰ ਦੇਣਾ ਬਹੁਤ ਜ਼ਰੂਰੀ ਹੈ।
ਦੂਸਰੀ ਮੰਗ ਸੈਕਟਰ 30 ਬੀ ਵਿੱਚ ਇੰਡਸਟ੍ਰੀਅਲ ਹਾਊਸਿਜ਼ ਵਿੱਚ ਲੋੜ ਆਧਾਰਤ ਤਬਦੀਲੀਆਂ ਕਰਨ ਦੀ ਮੰਗ ਰੱਖੀ ਗਈ। ਡਿਪਟੀ ਮੇਅਰ ਨੇ ਦੱਸਿਆ ਕਿ ਲਗਭਗ 600 ਇੰਡਸਟ੍ਰੀਅਲ ਹਾਊਸਿਜ਼ ਹਨ, ਜਿਨ੍ਹਾਂ ਵਿੱਚ ਵਸਨੀਕਾਂ ਨੇ ਸਮੇਂ-ਸਮੇਂ ’ਤੇ ਪਰਿਵਾਰਕ ਮੈਂਬਰਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਲੋੜ-ਅਧਾਰਤ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਨਿਯਮਿਤ ਕਰਨਾ ਸਮੇਂ ਦੀ ਲੋੜ ਹੈ।
ਡਿਪਟੀ ਮੇਅਰ ਨੇ ਦੱਸਿਆ ਕਿ ਤੀਸਰੀ ਮੰਗ ਬਜ਼ੁਰਗਾਂ, ਅਪਾਹਜਾਂ, ਅਪਾਹਜਾਂ ਤੇ ਵਿਧਵਾਵਾਂ ਆਦਿ ਲਈ ਪੈਨਸ਼ਨ ਵਧਾਉਣ ਦੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ, ਅਪਾਹਜਾਂ ਅਤੇ ਵਿਧਵਾਵਾਂ ਲਈ ਮੌਜੂਦਾ ਪੈਨਸ਼ਨ ਸੀਮਾ 1,000 ਪ੍ਰਤੀ ਮਹੀਨਾ ਹੈ, ਜੋ ਸਾਲ 2015-16 ਵਿੱਚ ਨਿਰਧਾਰਤ ਕੀਤੀ ਗਈ ਸੀ। ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਪੈਨਸ਼ਨ ਰਕਮ ਉਹੀ ਹੈ ਜੋ ਵਧੇ ਹੋਏ ਖਰਚਿਆਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਹੈ। ਇਸ ਲਈ ਚੰਡੀਗੜ੍ਹ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਮੌਜੂਦਾ ਪੈਨਸ਼ਨ ਨੂੰ ਵਧਾ ਕੇ ਘੱਟੋ-ਘੱਟ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ। ਚੌਥੀ ਮੰਗ ਵਿੱਚ ਉਨ੍ਹਾਂ ਸੈਕਟਰ 20 ਵਿੱਚ ਖਾਲੀ ਸਰਕਾਰੀ ਰਿਹਾਇਸ਼ਾਂ ਸਰਕਾਰੀ ਕਰਮਚਾਰੀਆਂ ਨੂੰ ਅਲਾਟ ਕਰ ਕੇ ਪ੍ਰਸ਼ਾਸਨ ਦੀ ਆਮਦਨ ਵਧਾਉਣ ਅਤੇ ਖਸਤਾ ਹਾਲਤ ਮਕਾਨਾਂ ਦੀ ਮੁਰੰਮਤ ਕਰਵਾਉਣ ਦੀ ਰੱਖੀ ਗਈ ਹੈ।
ਡਿਪਟੀ ਮੇਅਰ ਤਰੁਣਾ ਮਹਿਤਾ ਨੇ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਕ ਵੱਲੋਂ ਇਨ੍ਹਾਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ।