ਡਿਪਟੀ ਕਮਿਸ਼ਨਰ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਦਾ ਦੌਰਾ
ਘੱਗਰ ਦਰਿਆ ਵਿੱਚ ਜ਼ਿਆਦਾ ਪਾਣੀ ਦੇ ਵਹਾਅ ਕਾਰਨ ਹੜ੍ਹ ਦੀ ਚਿਤਾਵਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਅੱਜ ਲਾਲੜੂ ਨੇੜੇ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਜਾਇਜ਼ਾ ਲਿਆ। ਉਨ੍ਹਾਂ ਨੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।
ਟਾਂਗਰੀ ਨਦੀ ’ਚ ਵਧੇ ਪਾਣੀ ਨਾਲ ਹੜ੍ਹ ਦਾ ਖਤਰਾ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਸਵੇਰੇ ਅੰਬਾਲਾ ਛਾਉਣੀ ਵਿੱਚ ਟਾਂਗਰੀ ਨਦੀ ਦੇ ਵਧੇ ਹੋਏ ਪਾਣੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਕਿ ਦਰਿਆ ਦੇ ਅੰਦਰ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ। ਅੱਜ ਸਵੇਰੇ ਟਾਂਗਰੀ ਨਦੀ ’ਚ 30 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਆ ਗਿਆ ਜੋ ਆਮ ਨਾਲੋਂ ਕਾਫ਼ੀ ਵੱਧ ਹੈ। ਇਸਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਐੱਨਡੀਆਰਐੱਫ ਟੀਮ ਅਤੇ ਕਿਸ਼ਤੀਆਂ ਨੂੰ ਸੱਦਿਆ ਹੈ।
ਸ੍ਰੀ ਵਿੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਬਰਸਾਤੀ ਮੌਸਮ ਤੋਂ ਪਹਿਲਾਂ ਟਾਂਗਰੀ ਨੂੰ ਗਹਿਰਾ ਕਰਨ ਦਾ ਕੰਮ ਕੀਤਾ ਗਿਆ ਸੀ, ਪਰ ਕੁਝ ਰੁਕਾਵਟਾਂ ਕਾਰਨ ਕੇਵਲ 25 ਫੀਸਦੀ ਕੰਮ ਹੀ ਹੋ ਸਕਿਆ। ਉਨ੍ਹਾਂ ਕਿਹਾ ਕਿ ਉਮੀਦ ਹੈ ਪਾਣੀ ਸੁਰੱਖਿਅਤ ਢੰਗ ਨਾਲ ਨਿਕਲ ਜਾਵੇਗਾ, ਪਰ ਫਿਰ ਵੀ ਲੋਕਾਂ ਦੀ ਸੁਰੱਖਿਆ ਲਈ ਸਾਰੇ ਪ੍ਰਸ਼ਾਸਨ ਨੂੰ ਸਾਵਧਾਨ ਕੀਤਾ ਗਿਆ ਹੈ।
ਸ੍ਰੀ ਵਿੱਜ ਨੇ ਸਿੰਚਾਈ ਵਿਭਾਗ, ਪੁਲੀਸ, ਨਗਰ ਪਰੀਸ਼ਦ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ।