ਡੇਂਗੂ ਦੇ ਮਾਮਲੇ ਵਧੇ: ਭਗਵੰਤ ਮਾਨ ਦੇ ਸਾਬਕਾ ਓਐੱਸਡੀ ਵੱਲੋਂ ਪੁਲੀਸ ਭਰਤੀ ਟੈਸਟ ਲਈ 15 ਦਿਨਾਂ ਦੀ ਰਾਹਤ ਦੀ ਮੰਗ
ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐੱਸਡੀ ਓਂਕਾਰ ਸਿੰਘ ਸਿੱਧੂ ਨੇ ਸੂਬੇ ਵਿੱਚ ਡੇਂਗੂ ਬੁਖ਼ਾਰ ਸਿਖਰ ’ਤੇ ਹੋਣ ਕਰਕੇ ਪੰਜਾਬ ਪੁਲੀਸ ਭਰਤੀ ਦੇ ਫਿਜ਼ੀਕਲ ਟੈਸਟ ਵਿੱਚ ਘੱਟੋ-ਘੱਟ 15 ਦਿਨਾਂ ਦਾ ਵਾਧੂ ਮੌਕਾ ਦੇਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਭਰਤੀ ਦੇ ਫਿਜ਼ੀਕਲ ਟੈਸਟ 11 ਤੋਂ 17 ਅਕਤੂਬਰ ਤੱਕ ਹੋ ਰਹੇ ਹਨ।
ਉਨ੍ਹਾਂ ਅੱਜ ਆਪਣੇ ਐਕਸ ਹੈਂਡਲ ’ਤੇ ਇੱਕ ਪੋਸਟ ਜ਼ਰੀਏ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਪੁਲੀਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਉਮੀਦਵਾਰ ਬਿਮਾਰੀ ਜਾਂ ਡੇਂਗੂ ਕਾਰਨ ਸਰੀਰਿਕ ਟੈਸਟ (ਫਿਜ਼ੀਕਲ ਟੈਸਟ) ਨਹੀਂ ਦੇ ਸਕਦੇ ਹਨ।
ਸਿੱਧੂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਘੱਟੋ-ਘੱਟ 15 ਦਿਨਾਂ ਦਾ ਵਾਧੂ ਮੌਕਾ ਦਿੱਤਾ ਜਾਵੇ ਕਿਉਂਕਿ ਕਈ ਉਮੀਦਵਾਰਾਂ ਲਈ ਇਹ ਭਰਤੀ ਦਾ ਆਖ਼ਰੀ ਮੌਕਾ ਵੀ ਹੋ ਸਕਦਾ ਹੈ।
ਸਿੱਧੂ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਖ਼ਾਸ ਹਾਲਾਤਾਂ ਵਿੱਚ ਅਜਿਹੇ ਮੌਕੇ ਦਿੱਤੇ ਜਾਂਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪੁਲੀਸ ਭਰਤੀ ਮੌਕੇ ਕਈ ਉਮੀਦਵਾਰ ਇਸ ਸਮੇਂ ਬੁਖ਼ਾਰ ਜਾਂ ਡੇਂਗੂ ਨਾਲ ਪੀੜਤ ਹਨ, ਜਿਸ ਕਰਕੇ ਉਹ ਦੌੜ ਆਦਿ ਨਹੀਂ ਲਾ ਸਕਦੇ। ਸਾਬਕਾ ਓਐਸਡੀ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਇਸ ਵਾਜਬ ਮੰਗ ਦੀ ਪ੍ਰੋੜਤਾ ਕੀਤੀ ਹੈ ਤਾਂ ਜੋ ਕਿਸੇ ਵੀ ਯੋਗ ਉਮੀਦਵਾਰ ਦਾ ਭਵਿੱਖੀ ਨੁਕਸਾਨ ਨਾ ਹੋਵੇ।