ਅਨਾਜ ਮੰਡੀ ਨੇੜਿਓਂ ਸ਼ਰਾਬ ਦੇ ਠੇਕੇ ਚੁੱਕਣ ਦੀ ਮੰਗ
ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਚੁਕਵਾਉਣ ਬਾਰੇ ਬਾਬਾ ਫਤਹਿ ਸਿੰਘ ਨਗਰ ਤੇ ਗੋਲਡਨ ਸਿਟੀ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਏ ਡੀ ਸੀ ਗੀਤਿਕਾ ਸਿੰਘ (ਪੀ ਸੀ ਐੱਸ) ਰਾਹੀਂ ਮੰਗ ਪੱਤਰ ਸੌਂਪਿਆ ਅਤੇ ਅਪੀਲ ਕੀਤੀ ਕਿ ਅਨਾਜ ਮੰਡੀ ਖਰੜ ਦੇ ਗੇਟ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਕਰਵਾਏ ਜਾਣ।
ਵਫ਼ਦ ਨੇ ਕਿਹਾ ਕਿ ਇਸ ਇਲਾਕੇ ਵਿੱਚ ਗੋਲਡਨ ਸਿਟੀ ਅਤੇ ਹੋਰ ਕਲੋਨੀਆਂ ਦੀ ਉਸਾਰੀ ਹੋਣ ਕਾਰਨ ਸੰਘਣੀ ਆਬਾਦੀ ਹੋ ਗਈ ਹੈ ਅਤੇ ਅਨਾਜ ਮੰਡੀ ਦੇ ਦੂਜੇ ਗੇਟ ਦੇ ਸਾਹਮਣੇ ਬਡਾਲਾ ਰੋਡ ’ਤੇ ਪਹਿਲਾਂ ਹੀ ਠੇਕਾ ਹੈ। ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ ਅਤੇ ਦੂਜੇ ਪਾਸੇ ਸ਼ਰਾਬ ਦੇ ਨਾਜਾਇਜ਼ ਠੇਕੇ ਧੜਾ-ਧੜ ਖੁੱਲ੍ਹ ਰਹੇ ਹਨ, ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਠੇਕੇ ਨੂੰ ਬੰਦ ਨਾ ਕਰਵਾਇਆ ਤਾਂ ਸਾਰੇ ਨਗਰ ਨਿਵਾਸੀ ਅਤੇ ਸਮੂਹ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਆਗੂ ਅਤੇ ਅਹੁਦੇਦਾਰ ਇਸ ਵਿਰੁੱਧ ਵੱਡਾ ਸੰਘਰਸ਼ ਕਰਨਗੇ। ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਰਾਬ ਵੀ ਇੱਕ ਨਸ਼ਾ ਹੈ, ਇਸ ਨਾਲ ਵੀ ਪਰਿਵਾਰਾਂ ਵਿੱਚ ਅਕਸਰ ਤਣਾਅ ਪੈਦਾ ਹੁੰਦਾ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਸ ਮੌਕੇ ਗੁਰਵੰਤ ਸਿੰਘ, ਦਰਸ਼ਨ ਸਿੰਘ ਖੇੜਾ, ਗੁਰਮੇਲ ਸਿੰਘ, ਗੁਰਦਰਸ਼ਨ ਸਿੰਘ, ਨਛੱਤਰ ਸਿੰਘ, ਚਰਨ ਸਿੰਘ ਲੌਂਗੀਆ, ਜਥੇਦਾਰ ਫੌਜਾ ਸਿੰਘ ਅਤੇ ਜੋਗਿੰਦਰ ਸਿੰਘ ਮਾਨਹੇੜੀ ਹਾਜ਼ਰ ਸਨ।
