ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਭਖੀ
ਸ੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਲਈ ਅੱਜ ਸ੍ਰੀ ਆਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਮਾਰਚ ਤਹਿਸੀਲ ਕੰਪਲੈਕਸ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਤਖ਼ਤ ਸ੍ਰੀ ਕੇਸਗੜ੍ਹ...
Advertisement
ਸ੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਉਣ ਦੀ ਮੰਗ ਲਈ ਅੱਜ ਸ੍ਰੀ ਆਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵੱਲੋਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਮਾਰਚ ਤਹਿਸੀਲ ਕੰਪਲੈਕਸ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿੱਚ ਅਰਦਾਸ ਕਰ ਕੇ ਸਮਾਪਤ ਕੀਤਾ ਗਿਆ। ਮਾਰਚ ਦੌਰਾਨ ਵਕੀਲਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਅਤੇ ਨਾਅਰੇ ਲਗਾ ਕੇ ਪੰਜਾਬ ਸਰਕਾਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਮੌਕੇ ਜ਼ਿਲ੍ਹਾ ਐਲਾਨਣ ਦੀ ਮੰਗ ਕੀਤੀ। ਵਕੀਲਾਂ ਦਾ ਕਹਿਣਾ ਹੈ ਕਿ ਇਤਿਹਾਸਕ, ਧਾਰਮਿਕ ਅਤੇ ਭੂਗੋਲਿਕ ਪੱਖੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਪਹਿਲ ਦੇ ਆਧਾਰ ’ਤੇ ਪੰਜਾਬ ਦਾ ਨਵਾਂ ਜ਼ਿਲ੍ਹਾ ਐਲਾਨਿਆ ਜਾਣਾ ਚਾਹੀਦਾ ਅਤੇ ਸਰਕਾਰ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਇਹ ਮੌਕਾ ਸਰਕਾਰ ਲਈ ਸੁਨਹਿਰਾ ਹੈ ਕਿ ਉਹ ਇਤਿਹਾਸਕ ਨਗਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਐਲਾਨ ਕੇ ਸੰਗਤ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਗੁਰਸੇਵਾਲ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਰਨ ਜਾ ਰਹੀ ਹੈ ਅਤੇ ਰਾਜ ਸਰਕਾਰ ਵੱਲੋਂ 350 ਸਾਲਾ ਸ਼ਤਾਬਦੀ ਸਮਾਰੋਹ ਲਈ ਵਿਆਪਕ ਪ੍ਰੋਗਰਾਮ ਰੱਖੇ ਗਏ ਹਨ, ਉੱਥੇ ਹੀ ਇਹ ਸਭ ਤੋਂ ਉਚਿਤ ਸਮਾਂ ਹੈ ਕਿ ਇਹ ਧਾਰਮਿਕ ਤੇ ਇਤਿਹਾਸਕ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਜਾਵੇ। ਵਕੀਲਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਆਨੰਦਪੁਰ ਸਾਹਿਬ ਦੀ ਭੂਗੋਲਿਕ ਸਥਿਤੀ, ਪਹਾੜੀ ਇਲਾਕਿਆਂ ਨਾਲ ਨਜ਼ਦੀਕੀ ਅਤੇ ਪ੍ਰਸ਼ਾਸਨਕ ਪੱਖੋਂ ਵਿਲੱਖਣ ਪਛਾਣ ਇਸ ਨੂੰ ਵੱਖਰੇ ਜ਼ਿਲ੍ਹੇ ਦੀ ਸ਼੍ਰੇਣੀ ਵਿੱਚ ਲਿਆਉਂਦੀ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਗੁਰਸੇਵਾਲ, ਵਾਈਸ ਪ੍ਰਧਾਨ ਐਡਵੋਕੇਟ ਵਿਸ਼ਾਲ ਰਾਣਾ, ਜਨਰਲ ਸਕੱਤਰ ਐਡਵੋਕੇਟ ਨਿਖਿਲ ਭਾਰਦਵਾਜ, ਐਡਵੋਕੇਟ ਅਭਿਸ਼ੇਕ ਸ਼ਰਮਾ, ਐਡਵੋਕੇਟ ਸਚਿਨ ਕੌਸ਼ਲ, ਐਡਵੋਕੇਟ ਐੱਮ.ਐੱਲ ਸੈਣੀ, ਐਡਵੋਕੇਟ ਹਰੀਸ਼ ਚੇਤਲ, ਐਡਵੋਕੇਟ ਪੀ.ਕੇ ਉੱਪਲ ਸਮੇਤ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ।
Advertisement
Advertisement
