ਪਿੰਡਾਂ ਨੂੰ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਰੱਖਣ ਦੀ ਮੰਗ
ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਭਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਕਿਹਾ ਕਿ ਮੁਹਾਲੀ ਨਿਗਮ ਦੀ ਹੱਦਬੰਦੀ ਸਬੰਧੀ ਚੱਲ ਰਹੀ ਚਰਚਾ ਦੇ ਮੱਦੇਨਜ਼ਰ ਸ਼ਹਿਰ ਦੀ ਹਦੂਦ ਵਿਚ ਆਉਣ ਵਾਲੇ ਪਿੰਡਾਂ ਨੂੰ ਨਿਗਮ ਵਿਚ ਸ਼ਾਮਲ ਕੀਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪਹਿਲਾਂ ਜਿਹੜੇ ਪਿੰਡ ਨਿਗਮ ਵਿਚ ਆ ਚੁੱਕੇ ਹਨ, ਜਿਨ੍ਹਾਂ ਵਿਚ ਮੁਹਾਲੀ, ਮਦਨਪੁਰਾ, ਕੁੰਭੜਾ, ਮਟੌਰ, ਸੋਹਾਣਾ ਆਦਿ ਉਨ੍ਹਾਂ ਨਾਲ ਨਿਗਮ ਵੱਲੋਂ ਲਗਾਤਾਰ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਪਾਣੀ, ਸਫ਼ਾਈ, ਸੀਵਰੇਜ, ਸਟਰੀਟ ਲਾਇਟਾਂ, ਸੜਕਾਂ ਆਦਿ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਲਟਾ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਪ੍ਰਾਪਰਟੀ ਟੈਕਸ, ਨਕਸ਼ੇ ਪਾਸ ਕਰਾਉਣ ਦਾ ਟੈਕਸ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਦੂਦ ਜਿਵੇਂ ਮਰਜ਼ੀ ਵਧਾਈ ਜਾਵੇ ਪਰ ਪਿੰਡਾਂ ਨੂੰ ਨਿਗਮ ਵਿਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਪੰਚਾਇਤਾਂ ਨੂੰ ਵੀ ਨਗਰ ਨਿਗਮ ਵਿਚ ਸ਼ਾਮਲ ਹੋਣ ਲਈ ਮਤੇ ਨਾ ਪਾਉਣ ਦੀ ਅਪੀਲ ਕੀਤੀ।
