ਮੈਕਸਿਕੋ ’ਚ ਫੌਤ ਹੋਏ ਨੌਜਵਾਨ ਦੀ ਲਾਸ਼ ਵਾਪਸ ਲਿਆਉਣ ਦੀ ਮੰਗ
ਡੰਕੀ ਲਾ ਕੇ ਅਮਰੀਕਾ ਜਾ ਰਹੇ ਇਥੋਂ ਦੇ ਪਿੰਡ ਸਮਗੋਲੀ ਦੇ ਵਸਨੀਕ ਹਰਦੀਪ ਸਿੰਘ ਦੀ ਮੈਕਸਿਕੋ ਵਿੱਚ ਮੌਤ ਹੋਣ ਦੇ ਮਾਮਲੇ ਵਿੱਚ ਅੱਜ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਪਰਿਵਾਰ ਨੇ ਵਿਧਾਇਕ ਨੂੰ ਹਰਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ’ਚ ਮਦਦ ਕਰਨ ਦੀ ਅਪੀਲ ਕੀਤੀ।
ਵਿਧਾਇਕ ਨੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਥਾਣਾ ਮੁਖੀ ਸੁਮੀਤ ਮੋਰ ਵੀ ਮੌਜੂਦ ਸਨ। ਉਨ੍ਹਾਂ ਮੌਕੇ ’ਤੇ ਹੀ ਥਾਣਾ ਮੁਖੀ ਨੂੰ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ। ਸ੍ਰੀ ਰੰਧਾਵਾ ਨੇ ਭਰੋਸਾ ਦਿੱਤਾ ਕਿ ਉਹ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਰੱਖਣਗੇ।
ਜ਼ਿਕਰਯੋਗ ਹੈ ਕਿ ਪਿੰਡ ਸਮਗੋਲੀ ਦੇ ਹਰਦੀਪ ਸਿੰਘ ਨੇ ਵਿਦੇਸ਼ ਭੇਜਣ ਲਈ ਦੋ ਏਜੰਟਾਂ ਨੂੰ ਜੁਲਾਈ 2024 ਵਿੱਚ 33 ਲੱਖ ਰੁਪਏ ਦਿੱਤੇ ਸਨ ਅਤੇ ਉਹ ਡੰਕੀ ਲਾ ਕੇ ਅਮਰੀਕਾ ਜਾ ਰਿਹਾ ਸੀ। ਅਮਰੀਕਾ ਜਾਣ ਦੀ ਥਾਂ ਏਜੰਟਾਂ ਨੇ ਉਸ ਨੂੰ ਕਰੀਬ ਇੱਕ ਸਾਲ ਤੋਂ ਮੈਕਸਿਕੋ ਵਿੱਚ ਇੱਕ ਕਮਰੇ ਵਿੱਚ ਭੁੱਖਾ-ਪਿਆਸਾ ਕੈਦ ਕਰ ਕੇ ਰੱਖਿਆ ਹੋਇਆ ਸੀ। ਇੱਥੇ ਏਜੰਟਾਂ ਨੇ ਉਸ ਤੋਂ ਚਾਰ ਲੱਖ ਰੁਪਏ ਹੋਰ ਮੰਗਵਾਏ ਸਨ, ਜੋ ਪਰਿਵਾਰ ਨੇ ਕਾਫ਼ੀ ਮੁਸ਼ਕਲ ਨਾਲ ਇਕੱਠੇ ਕਰ ਭੇਜੇ। ਇਸਦੇ ਬਾਵਜੂਦ ਖਾਣਾ ਤੇ ਦਵਾਈ ਨਾ ਮਿਲਣ ਕਾਰਨ ਉਹ ਬਿਮਾਰ ਹੋ ਗਿਆ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਦੋ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।