ਬਲੌਂਗੀ ਨੂੰ ਨਿਗਮ ’ਚ ਸ਼ਾਮਲ ਕਰਨ ਦੀ ਮੰਗ ਉੱਠੀ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਨਗਰ ਨਿਗਮ ਦੀ ਹੱਦ ਵਧਾਏ ਜਾਣ ਦੌਰਾਨ ਬਲੌਂਗੀ ਪਿੰਡ ਨੂੰ ਨਗਰ ਨਿਗਮ ਦੀ ਹੱਦ ਤੋਂ ਬਾਹਰ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਬਲੌਂਗੀ ਦੇ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਕੇ ਬਲੌਂਗੀ ਸਣੇ ਸ਼ਹਿਰ ਨਾਲ ਲੱਗਦੇ ਛੇ ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕੀਤਾ ਜਾਵੇ।
ਪਿੰਡ ਵਾਸੀਆਂ ਬਲਵਿੰਦਰ ਸਿੰਘ ਸਾਗਰ ਅਤੇ ਨਰੇਸ਼ ਕੁਮਾਰ ਨੇਸ਼ੀ ਨੇ ਕਿਹਾ ਕਿ ਬਲੌਂਗੀ ਹੇਠਲੇ-ਮੱਧਮ ਵਰਗ ਅਤੇ ਮਜ਼ਦੂਰ ਵਰਗ ਦੇ ਵਸਨੀਕਾਂ ਦਾ ਘਰ ਹੈ। ਇਸ ਖੇਤਰ ਨੂੰ ਨਗਰ ਨਿਗਮ ਵਿੱਚ ਸ਼ਾਮਲ ਨਾ ਕਰਨਾ ਆਮ ਆਦਮੀ ਨਾਲ ਬੇਇਨਸਾਫ਼ੀ ਹੈ। ਬਲੌਂਗੀ ਵਿੱਚ ਹਾਈ ਸਕੂਲ, ਵੈਟਰਨਰੀ ਕਲੀਨਿਕ, ਨਰਸਿੰਗ ਕਾਲਜ ਅਤੇ ਨੌਂ ਪ੍ਰਾਈਵੇਟ ਸਕੂਲ ਹਨ। ਇੱਥੇ ਲਗਪਗ 5,000 ਘਰ, 1,300 ਦੁਕਾਨਾਂ, ਹੋਟਲ ਅਤੇ ਹੋਰ ਵਪਾਰਕ ਸਥਾਨ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੀ ਦਲੀਲ ਦਾ ਆਧਾਰ ਟੈਕਸ ਸੁਰੱਖਿਆ ਹੈ, ਤਾਂ ਵੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਲੌਂਗੀ ਦੇ 60 ਫ਼ੀਸਦੀ ਵਾਸੀ ਪਹਿਲਾਂ ਹੀ ਟੈਕਸ ਤੋਂ ਮੁਕਤ ਹਨ ਕਿਉਂਕਿ ਉਨ੍ਹਾਂ ਦੇ ਘਰ 125 ਗਜ਼ ਤੋਂ ਛੋਟੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਵਿਧਵਾਵਾਂ ਅਤੇ ਸਾਬਕਾ ਫੌਜੀ ਹਨ, ਜਿਹਨਾਂ ਨੂੰ ਜਾਇਦਾਦ ਟੈਕਸ ਤੋਂ ਛੋਟ ਹੈ।
ਉਨ੍ਹਾਂ ਕਿਹਾ ਕਿ ਬਾਕੀ 40 ਫ਼ੀਸਦ ਕੋਲ 150 ਗਜ਼ ਤੋਂ ਵੱਧ ਦੀ ਜਾਇਦਾਦ ਹੈ, ਜਿਹੜੇ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਨੂੰ ਕਿਫਾਇਤੀ ਰਿਹਾਇਸ਼ ਮੁਹੱਈਆ ਕਰਵਾਉਣ ਲਈ ਆਪਣੀਆਂ ਇਮਾਰਤਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਬਲੌਂਗੀ ਵਿੱਚ 65 ਤੋਂ 70 ਏਕੜ ਕੀਮਤੀ ਜ਼ਮੀਨ ਹੈ, ਜਿਸ ਦੀ ਵਰਤੋਂ ਸਰਕਾਰ ਈ ਡਬਲਿਊ ਐੱਸ ਰਿਹਾਇਸ਼ਾਂ ਬਣਾਉਣ ਲਈ ਕਰ ਸਕਦੀ ਹੈ। ਇਹ ਤਾਂ ਹੀ ਸੰਭਵ ਹੈ ਜੇ ਸਰਕਾਰ ਬਲੌਂਗੀ ਨੂੰ ਨਗਰ ਨਿਗਮ ਅਧਿਕਾਰ ਖੇਤਰ ਵਿੱਚ ਸ਼ਾਮਲ ਕਰੇ।
 
 
             
            