ਆੜ੍ਹਤੀਆਂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ
ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਨੇ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੰਘੇ ਦਿਨ ਦਾਣਾ ਮੰਡੀ ਦੇ ਦੌਰੇ ਦੌਰਾਨਪੱਤਰ ਸੌਂਪ ਕੇ ਮੰਡੀ ਨਾਲ ਜੁੜੀਆਂ ਕਈ ਮੰਗਾਂ ਰੱਖੀਆਂ ਗਈਆਂ। ਐਸੋਸੀਏਸ਼ਨ ਨੇ ਮੁੱਖ ਮੰਤਰੀ ਮੋਰਿੰਡਾ ਮੰਡੀ ਦੇ ਵਿਕਾਸ ਲਈ ਕਦਮ ਚੁੱਕਣ ਦੀ ਅਪੀਲ ਵੀ ਕੀਤੀ। ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਦੇ ਅੰਦਰ ਫਰਸ਼ੀ ਕੰਡਾ (ਭਾਰ ਤੋਲਣ ਵਾਲਾ) ਲਾਉਣ ਦੀ ਤੁਰੰਤ ਲੋੜ ਹੈ, ਜਿਸ ਲਈ ਮੰਡੀ ਵਿੱਚ ਜਗ੍ਹਾ ਪਹਿਲਾਂ ਹੀ ਮੌਜੂਦ ਹੈ। ਇਸ ਦੇ ਨਾਲ ਹੀ ਮੰਡੀ ਦੇ ਪਿਛਲੇ ਪਾਸੇ ਬਣੇ ਇੱਟਾਂ ਵਾਲੇ ਫੜ੍ਹਾਂ ਨੂੰ ਕੰਕਰੀਟ ਪਾ ਕੇ ਪੱਕਾ ਕਰਨ ਦੀ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਮੰਡੀ ਦੇ ਕਈ ਹਿੱਸੇ ਹਾਲੇ ਖਾਲੀ ਪਏ ਹਨ ਜਿੱਥੇ ਨਵੇਂ ਪੱਕੇ ਫੜ੍ਹ ਬਣਾਏ ਜਾਣ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਢੇਰੀ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਮੌਸਮੀ ਮਾਰ ਤੋਂ ਵੀ ਬਚਾਅ ਹੋ ਸਕੇ। ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਮੰਡੀ ਵਿੱਚ ਬਣਿਆ ਕਮੇਟੀ ਦਫਤਰ ਜੋ ਹੁਣ ਸੜਕ ਦੇ ਪੱਧਰ ਤੋ ਬਹੁਤ ਹੀ ਨੀਵਾਂ ਹੋ ਗਿਆ ਹੈ ਅਤੇ ਖਸਤਾ ਹਾਲਤ ਵਿੱਚ ਹੈ। ਉਨਾਂ ਦੱਸਿਆ ਕਿ ਬਰਸਾਤ ਦੇ ਦਿਨਾਂ ’ਚ ਇਸ ਦਫਤਰ ਵਿੱਚ ਪਾਣੀ ਭਰ ਜਾਂਦਾ ਹੈ। ਇਸ ਲਈ ਦਫਤਰ ਦੀ ਨਵੀਂ ਇਮਾਰਤ ਬਣਾਉਣ ਦੀ ਮੰਗ ਕੀਤੀ ਗਈ।
