ਤਨਖਾਹਾਂ ਵਿੱਚ ਡੀਸੀ ਰੇਟ ਸੋਧਣ ਦੀ ਮੰਗ: ਆਊਟਸੋਰਸਡ ਕਾਮਿਆਂ ਦੀ ਭੁੱਖ ਹੜਤਾਲ ਜਾਰੀ
ਕੋਆਰਡੀਨੇਸ਼ਨ ਕਮੇਟੀ ਆਫ ਯੂਟੀ ਗੌਰਮਿੰਟ ਤੇ ਨਗਰ ਨਿਗਮ ਐਂਪਲਾਈਜ਼ ਤੇ ਵਰਕਰਸ ਦੇ ਬੈਨਰ ਹੇਠ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਆਊਟਸੋਰਸਡ ਕਾਮਿਆਂ ਵੱਲੋਂ ਤਨਖਾਹਾਂ ਵਿੱਚ ਡੀਸੀ ਰੇਟ ਵਾਧੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ।
ਅੱਜ ਚੰਡੀਗੜ੍ਹ ਜੰਗਲਾਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਛੋਟੇ ਲਾਲ ਅਤੇ ਉਪ ਪ੍ਰਧਾਨ ਪ੍ਰੇਮ ਪਾਲ, ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਵਰਕਰਜ਼ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ, ਜੀਐੱਮਸੀ ਕੰਟਰੈਕਟ ਸਕਿਉਰਿਟੀ ਵਰਕਰਜ਼ ਯੂਨੀਅਨ ਤੋਂ ਅਨੁਜ ਪਾਂਡੇ, ਜੀਐੱਮਸੀ ਜੁਆਇੰਟ ਐਕਸ਼ਨ ਕਮੇਟੀ ਤੋਂ ਸਾਬਰ ਅਲੀ, ਰਾਜ ਕੁਮਾਰ, ਵਿਕਰਮ ਪਾਠਕ, ਜਤਿੰਦਰ ਸਿੰਘ ਜੌਨੀ, ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਤੋਂ ਪਵਨ ਕੁਮਾਰ ਤਰੁਣ ਕੁਮਾਰ, ਦਿ ਵਾਟਰ ਸਪਲਾਈ ਵਰਕਰਜ਼ ਯੂਨੀਅਨ ਤੋਂ ਹਰਪ੍ਰੀਤ ਸਿੰਘ, ਸੀਵਰੇਜ ਐਂਪਲਾਈਜ਼ ਯੂਨੀਅਨ ਤੋਂ ਸੋਨੂੰ ਅਤੇ ਸ਼ਿਵਮ, ਪਬਲਿਕ ਹੈਲਥ ਐਡਮਿਨ ਤੋਂ ਓਮ ਪ੍ਰਕਾਸ਼ ਭੁੱਖ ਹੜਤਾਲ ’ਤੇ ਬੈਠੇ।
ਇਸ ਮੌਕੇ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ, ਸੁਖਬੀਰ ਸਿੰਘ, ਵੀਰ ਸਿੰਘ, ਸ਼ਾਮ ਲਾਲ, ਰਾਹੁਲ ਵੈਦਿਆ, ਕਿਸ਼ੋਰੀ ਲਾਲ, ਨਰੇਸ਼ ਕੁਮਾਰ, ਸੁਖਵਿੰਦਰ ਸਿੰਘ, ਜਗਮੋਹਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਮਜ਼ਦੂਰਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਸਾਲ 2025-26 ਲਈ ਡੀਸੀ ਦਰਾਂ ਵਿੱਚ ਸੋਧ ਨਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਆਊਟਸੋਰਸ ਕਾਮਿਆਂ ਨਾਲ ਧੱਕਾ ਕਰ ਰਿਹਾ ਹੈ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤੇ ਕਰਵਾਇਆ ਕਿ ਕੋਆਰਡੀਨੇਸ਼ਨ ਕਮੇਟੀ ਲੰਬੇ ਸਮੇਂ ਤੋਂ ਡੀਸੀ ਦਰਾਂ ਨੂੰ 10 ਪ੍ਰਤੀਸ਼ਤ ਸੋਧਣ ਦੀ ਮੰਗ ਲਈ ਲੜ ਰਹੀ ਹੈ। ਸੰਘਰਸ਼ ਦੇ ਅਗਲੇ ਪੜਾਅ ਵਿੱਚ ਭੁੱਖ ਹੜਤਾਲ ਚੱਲ ਰਹੀ ਹੈ ਅਤੇ 26 ਅਗਸਤ ਨੂੰ ਝੰਡਾ ਮਾਰਚ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਕੋਆਰਡੀਨੇਸ਼ਨ ਕਮੇਟੀ ਨਾਲ ਕੀਤੇ ਵਾਅਦੇ ਅਨੁਸਾਰ ਸਾਲ 2025-26 ਲਈ ਡੀ.ਸੀ. ਦਰਾਂ ਜਾਰੀ ਕਰੇ।
ਕਨਵੈਨਸ਼ਨ ਵਿੱਚ ਅਗਲੇ ਸੰਘਰਸ਼ ਦਾ ਹੋਵੇਗਾ ਐਲਾਨ
ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜੇ ਫਿਰ ਵੀ ਡੀਸੀ ਰੇਟ ਜਾਰੀ ਨਹੀਂ ਕੀਤੇ ਜਾਂਦੇ ਤਾਂ 2 ਸਤੰਬਰ ਨੂੰ ਹੋਣ ਵਾਲੀ ਕਨਵੈਨਸ਼ਨ ਵਿੱਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।