ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਲਖਨੌਰ ਚੋਅ ਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਦੀ ਮੰਗ

ਹੜ੍ਹਾਂ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਡੀਸੀ ਨੂੰ ਪੱਤਰ ਲਿਖਿਆ

ਪੱਤਰ ਪ੍ਰੇਰਕ

ਐਸ.ਏ.ਐਸ. ਨਗਰ (ਮੁਹਾਲੀ), 19 ਜੂਨ

ਹੜ੍ਹਾਂ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਮੁਹਾਲੀ ਵਿੱਚ ਲਖਨੌਰ ਚੋਅ ਸਮੇਤ ਐਨ ਚੋਅ, ਪਟਿਆਲਾ ਦੀ ਰਾਓ ਅਤੇ ਹੋਰ ਨਿਕਾਸੀ ਨਾਲਿਆਂ ਦੀ ਸਫ਼ਾਈ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡੀਸੀ ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਲਖਨੌਰ ਚੋਅ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਲਖਨੌਰ ਚੋਅ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਫੇਜ਼-7, ਫੇਜ਼-3ਬੀ2, ਫੇਜ਼-4, ਫੇਜ਼-5, ਸੈਕਟਰ-70, ਸੈਕਟਰ-71, ਮਟੌਰ ਅਤੇ ਸਨਅਤੀ ਏਰੀਆ ਵਿੱਚ ਬਰਸਾਤੀ ਪਾਣੀ ਦੀ ਮਾਰ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਮੁਹਾਲੀ ਸਮੇਤ ਆਸਪਾਸ ਪਿੰਡਾਂ ਵਿੱਚ ਤਬਾਹੀ ਮਚਦੀ ਹੈ ਅਤੇ ਲੋਕਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਡਿਪਟੀ ਮੇਅਰ ਨੇ ਕਿਹਾ ਕਿ ਲਖਨੌਰ ਚੋਅ ਵਿੱਚ ਮਿੱਟੀ, ਗਾਦ, ਭੰਗ-ਬੂਟੀਆਂ, ਝਾੜੀਆਂ ਅਤੇ ਕੂੜਾ-ਕਰਕਟ ਜਮ੍ਹਾ ਹੋਣ ਕਾਰਨ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਲਖਨੌਰ ਚੋਅ ਦੇ ਕਈ ਹਿੱਸਿਆਂ ਵਿੱਚ ਨਾਜਾਇਜ਼ ਕਬਜ਼ੇ ਅਤੇ ਗੰਦਗੀ ਵੀ ਪਾਣੀ ਦੀ ਰੁਕਾਵਟ ਦਾ ਕਾਰਨ ਬਣ ਰਹੇ ਹਨ। ਜੇਕਰ ਫੌਰੀ ਤੌਰ ’ਤੇ ਡਰੇਨੇਜ ਵਿਭਾਗ ਰਾਹੀਂ ਚੋਅ ਦੀ ਪੂਰੀ ਸਫ਼ਾਈ ਨਹੀਂ ਹੋਈ ਤਾਂ ਲਖਨੌਰ ਚੋਅ ਦਾ ਪਾਣੀ ਓਵਰਫ਼ਲੋਅ ਹੋ ਕੇ ਨੇੜਲੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।