ਜਨਰਲ ਕੈਟਾਗਰੀ ਵੈੱਲਫੇਅਰ ਕਮਿਸ਼ਨ ਦਾ ਚੇਅਰਮੈਨ ਲਾਉਣ ਦੀ ਮੰਗ
ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਦੀ ਸੂਬਾ ਕਮੇਟੀ ਦੀ ਸੁਖਬੀਰ ਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਲਾਉਣ ਲਈ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ।
ਮੰਗ ਪੱਤਰ ਤੋਂ ਬਾਅਦ ਵੀ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਗਈ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰਇੰਦਰ ਸਿੰਘ, ਜਰਨੈਲ ਸਿੰਘ ਬਰਾੜ, ਰਣਜੀਤ ਸਿੰਘ ਸਿੱਧੂ, ਪਰਦੀਪ ਸਿੰਘ ਰੰਧਾਵਾ ਅਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਜਨਰਲ ਵਰਗ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਇੱਕੋ-ਇੱਕ ਪਲੇਟਫਾਰਮ ਜਨਰਲ ਕੈਟਾਗਰੀ ਦਾ ਕਮਿਸ਼ਨ ਮਿਲਿਆ ਸੀ, ਜਿਸ ਦਾ ਗਠਨ ਪਿਛਲੀ ਕਾਂਗਰਸ ਸਰਕਾਰ ਵੱਲੋਂ ਗੁਜਰਾਤ ਵਿੱਚ ਚੱਲ ਰਹੇ ਕਮਿਸ਼ਨ ਦੀ ਤਰਜ਼ ਤੇ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਕੋਦਰ ਤੋਂ ਡਾ. ਨਵਜੋਤ ਦਹੀਆਂ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਸੀ ਅਤੇ ਵਾਈਸ ਚੇਅਰਮੈਨ ਸਮੇਤ ਇੱਕ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿੱਚ ਡਾ. ਨਵਜੋਤ ਦਹੀਆਂ ਨੇ ਐਮ.ਐਲ.ਏ ਦੀ ਚੋਣ ਲੜਨ ਕਾਰਨ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ 4 ਸਾਲਾਂ ਦਾ ਸਮਾਂ ਬੀਤ ਜਾਣ ਤੇ ਵੀ ਇਸ ਕਮਿਸ਼ਨ ਦਾ ਨਾ ਕੋਈ ਚੇਅਰਮੈਨ ਲਾਇਆ ਹੈ ਅਤੇ ਨਾ ਹੀ ਕੋਈ ਹੋਰ ਮੈਂਬਰ ਅਤੇ ਨਾ ਦਫ਼ਤਰੀ ਅਮਲਾ ਨਿਯੁਕਤ ਕੀਤਾ ਹੈ।
