ਦਿੱਲੀ ਦੇ ‘ਆਪ’ ਆਗੂਆਂ ਨੂੰ ਨਹੀਂ ਹੈ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ: ਛੜਬੜ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਪਿਛਲੇ ਦਿਨੀਂ 2027 ਦੀਆਂ ਚੋਣਾਂ ਵਿੱਚ ‘ਸਾਮ-ਦਾਮ-ਦੰਡ-ਭੇਦ’ ਵਰਤਣ ਸਬੰਧੀ ਦਿੱਤੇ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ।
ਬਸਪਾ ਆਗੂ ਛੜਬੜ ਨੇ ਕਿਹਾ ਕਿ ਸਿਸੋਦੀਆ ਦਾ ਉਕਤ ਬਿਆਨ ਗੁੰਡਾਗਰਦੀ ਦਾ ਸਬੂਤ ਦੇਣ ਦੇ ਨਾਲ-ਨਾਲ ਇਹ ਵੀ ਸਿੱਧ ਕਰਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਇਤਿਹਾਸ ਬਾਰੇ ਭੋਰਾ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਅਜਿਹੇ ਗੁੰਡਾਗਰਦੀ ਵਾਲ਼ੇ ਬਿਆਨ ਦਾਗਣ ਅਤੇ ਧੌਂਸ ਦਿਖਾਉਣ ਵਾਲ਼ੀ ਪਾਰਟੀ ਨੂੰ ਚੋਣਾਂ ਵਿੱਚ ਬਾਹਰ ਦਾ ਰਸਤਾ ਦਿਖਾਉਣ ਵਿੱਚ ਦੇਰ ਨਹੀਂ ਲਗਾਉਂਦੇ।
ਛੜਬੜ ਨੇ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਆਪਣੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਉਪਰੰਤ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਅਤੇ ਪ੍ਰਾਪਤੀਆਂ ਦੇ ਸਿਰ ’ਤੇ ਲੋਕਾਂ ਕੋਲ ਵੋਟਾਂ ਮੰਗਣ ਜਾਂਦੀ ਹੈ ਪ੍ਰੰਤੂ ਮਨੀਸ਼ ਸਿਸੋਦੀਆ ਦੇ ਉਕਤ ਬਿਆਨ ਰਾਹੀਂ ਉਲਟੀ ਗੰਗਾ ਪਹਾੜ ਨੂੰ ਜਾਣ ਵਾਲ਼ਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ‘ਆਪ’ ਆਗੂਆਂ ਕੋਲ਼ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਲਈ ਕੁਝ ਵੀ ਨਹੀਂ ਹੈ ਅਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਝੂਠ, ਫਰੇਬ, ਸਾਮ, ਦਾਮ, ਦੰਡ, ਭੇਦ ਦੀ ਨੀਤੀ ਹੀ ਵਰਤਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਨ ਵਾਲੀ ‘ਆਪ’ ਪਾਰਟੀ ਦੇ ਸਿਰਮੌਰ ਆਗੂ ਦੇ ਮੂੰਹੋਂ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਪੰਜਾਬ ਵਾਸੀਆਂ ਨੂੰ ‘ਆਪ’ ਆਗੂਆਂ ਦੀਆਂ ਅਜਿਹੀਆਂ ਚਾਲਾਂ ਦਾ ਜਵਾਬ ਦੇਣ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।