ਮੁਕਾਬਲੇ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਦੋ ਸ਼ਾਰਪਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 4 ਜੁਲਾਈ
ਪੁਲੀਸ ਨੇ ਸ਼ੁੱਕਰਵਾਰ ਤੜਕੇ ਰੋਹਿਣੀ ਦੇ ਸੈਕਟਰ 34 ਨੇੜੇ ਇੱਕ ਹਿੰਸਕ ਮੁਕਾਬਲੇ ਤੋਂ ਬਾਅਦ ਕਪਿਲ ਸਾਂਗਵਾਨ ਉਰਫ਼ ਨੰਦੂ ਗੈਂਗ ਦੇ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਦੋਵੇਂ ਕਥਿਤ ਤੌਰ ’ਤੇ ਗੈਂਗਸਟਰ ਮਨਜੀਤ ਮਾਹਲ ਦੇ ਭਤੀਜੇ ਦੀਪਕ ਦੇ ਕਤਲ ਵਿੱਚ ਸ਼ਾਮਲ ਸਨ। ਦੀਪਕ ਨੂੰ ਉੱਤਰ-ਪੱਛਮੀ ਦਿੱਲੀ ਦੇ ਬਵਾਨਾ ਇਲਾਕੇ ਵਿੱਚ ਉਸਦੀ ਧੀ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਹਿਸਾਰ ਦੇ ਰਹਿਣ ਵਾਲੇ ਗੈਂਗਸਟਰ ਸੋਮਬੀਰ ਉਰਫ਼ ਚੀਨੂ ਅਤੇ ਚੰਡੀਗੜ੍ਹ ਦੀ ਭਾਸਕਰ ਕਲੋਨੀ ਦੇ ਵਿਜੇ ਨੂੰ ਸਵੇਰੇ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ।’’
ਇੱਕ ਅਧਿਕਾਰੀ ਨੇ ਕਿਹਾ,‘‘ਉਨ੍ਹਾਂ ਦੀ ਹਰਕਤ ਬਾਰੇ ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਨੇ ਮੁਨਕ ਨਹਿਰ ਦੇ ਨੇੜੇ ਰੋਹਿਣੀ ਖੇਤਰ ਵਿੱਚ ਜਾਲ ਵਿਛਾਇਆ। ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਦੋਵਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਪੁਲੀਸ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।’’
ਉਨ੍ਹਾਂ ਕਿਹਾ, ‘‘ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।’’ -ਪੀਟੀਆਈ