13 ਦੇਸ਼ਾਂ ਦੇ ਵਫ਼ਦ ਵੱਲੋਂ ਮੁਹਾਲੀ ਦੇ ਆਮ ਆਦਮੀ ਕਲੀਨਿਕ ਦਾ ਦੌਰਾ
13 ਦੇਸ਼ਾਂ ਦੇ 30 ਨੁਮਾਇੰਦਿਆਂ ਨੇ ਮੁਹਾਲੀ ਦੇ ਫ਼ੇਜ਼ 7 ਦੇ ਆਮ ਆਦਮੀ ਕਲੀਨਿਕ’ ਦਾ ਦੌਰਾ ਕੀਤਾ। ਇਹ ਨੁਮਾਇੰਦੇ ਆਮ ਆਦਮੀ ਕਲੀਨਿਕਾਂ ਦੀ ਕਾਰਜਪ੍ਰਣਾਲੀ ਨੂੰ ਨੇੜਿਉਂ ਵੇਖਣ ਅਤੇ ਸਮਝਣ ਲਈ ਉਚੇਚੇ ਤੌਰ ’ਤੇ ਇਥੇ ਪੁੱਜੇ, ਜਿਨ੍ਹਾਂ ਨੇ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ, ਕਲੀਨਿਕ ਦੇ ਬੁਨਿਆਦੀ ਢਾਂਚੇ, ਜਾਂਚ, ਇਲਾਜ ਪ੍ਰਣਾਲੀ ਅਤੇ ਦਵਾਈਆਂ ਆਦਿ ਬਾਰੇ ਗਹੁ ਨਾਲ ਜਾਣਕਾਰੀ ਹਾਸਿਲ ਅਤੇ ਕਾਫ਼ੀ ਪ੍ਰਭਾਵਤ ਵੀ ਹੋਏ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਅਤੇ ਰਾਜ ਨੋਡਲ ਅਧਿਕਾਰੀ ਈ-ਗਵਰਨੈਂਸ ਮਨਜੋਤ ਸਿੰਘ ਨੇ ਉਨ੍ਹਾਂ ਦੇ ਹਰ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿਤਾ ਅਤੇ ਕਲੀਨਿਕਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰੋਗਰਾਮ ਵਿੱਚ 13 ਦੇਸ਼ਾਂ ਤੋਂ 30 ਕੌਮਾਂਤਰੀ ਪ੍ਰਤੀਨਿਧਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਇਕੁਆਡੋਰ, ਈਥੋਪੀਆ, ਘਾਨਾ, ਕੈਨਿਆ, ਮਲਾਵੀ, ਮੌਰੀਸ਼ਸ਼, ਨਾਈਜੀਰੀਆ, ਰਵਾਂਡਾ, ਤਜਾਕਿਸਤਾਨ, ਯੁਗਾਂਡਾ, ਉਜਬੇਕਿਸਤਾਨ, ਜਾਂਬੀਆ ਅਤੇ ਜਿੰਬਾਬਵੇ ਸ਼ਾਮਲ ਸਨ।
ਇਸ ਦੌਰੇ ਦਾ ਮਕਸਦ ਭਾਰਤ ਦੇ ਡਿਜੀਟਲ ਹੈਲਥ ਕੇਅਰ ਢਾਂਚੇ ਦੀ ਪ੍ਰਦਰਸਨੀ ਕਰਨਾ ਅਤੇ ਪ੍ਰਾਇਮਰੀ ਹੈਲਥਕੇਅਰ ਸੇਵਾਵਾਂ ਵਿੱਚ ਅੰਤਰਰਾਸਟਰੀ ਸਰੋਕਾਰਾਂ ਨਾਲ ਵਧੀਆ ਤਜਰਬੇ ਸਾਂਝੇ ਕਰਨਾ ਸੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਹਾਸਪਿਟਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਐਪਲੀਕੇਸ਼ਨ ਦੀ ਵਿਸਥਾਰਪੂਰਕ ਜਾਣਕਾਰੀ ਅਤੇ ਪੇਸ਼ਕਾਰੀ ਦਿੱਤੀ ਗਈ, ਜਿਸ ਰਾਹੀਂ ਅੰਤਰਰਾਸਟਰੀ ਵਫ਼ਦ ਨੂੰ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਵਿੱਚ ਲਾਗੂ ਡਿਜੀਟਲ ਪ੍ਰਕਿਰਿਆਵਾਂ ਦੀ ਪੂਰੀ ਸਮਝ ਮਿਲੀ। ਵਫ਼ਦ ਨੂੰ ਕਲੀਨਿਕਾਂ ਦੀ ਪੂਰੀ ਕਾਰਜ-ਪ੍ਰਣਾਲੀ ਬਾਰੇ ਜਾਣੂ ਕਰਵਾਇਆ ਗਿਆ, ਜਿਸ ਵਿੱਚ ਮਰੀਜ਼ ਰਜਿਸਟ੍ਰੇਸ਼ਨ, ਸਲਾਹ-ਮਸਵਰਾ, ਜਾਂਚ ਸੇਵਾਵਾਂ, ਫਾਰਮੇਸੀ ਅਤੇ ਫਾਲੋਅਪ ਕੇਅਰ ਸਾਮਲ ਹਨ। ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।